ਚੰਡੀਗੜ੍ਹ, 05 ਦਸੰਬਰ 2024: ਪੰਜਾਬ ਦੇ ਪੰਜ ਨਗਰ ਨਿਗਮਾਂ (Municipal Corporation) ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਅਤੇ ਪਟਿਆਲਾ ਦੀਆਂ ਆਮ ਚੋਣਾਂ ਅਤੇ 44 ਮਿਉਂਸਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਦਾ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਛੇਤੀ ਹੀ ਐਲਾਨ ਕੀਤਾ ਜਾਵੇਗਾ |
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਤਿਆਰੀਆਂ ਕਰ ਰਿਹਾ ਹੈ | ਇਸਦੇ ਨਾਲ ਹੀ ਵੱਖ-ਵੱਖ ਨਗਰ ਪਾਲਿਕਾਵਾਂ ਅਤੇ ਨਿਗਮਾਂ (Municipal Corporation) ਦੇ ਵਾਰਡਾਂ ਲਈ ਵੀ ਕੁਝ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ।
ਪੰਜਾਬ ਰਾਜ ਚੋਣ ਕਮਿਸ਼ਨਰ (Punjab State Election Commission) ਰਾਜ ਕਮਲ ਚੌਧਰੀ ਨੇ ਆਮ ਜਨਤਾ ਦੀ ਜਾਣਕਾਰੀ ਲਈ ਦੱਸਿਆ ਕਿ ਜੋ ਵੀ ਉਮੀਦਵਾਰ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਾ ਚਾਹੁੰਦਾ ਹੈ, ਉਹ ਫਾਰਮ 20 (ਅਨੁਸੂਚੀ-2) ‘ਚ ਨਾਮਜ਼ਦਗੀ ਪੱਤਰ ਅਤੇ ਹਲਫੀਆ ਬਿਆਨ ਪੂਰੇ ਵੇਰਵਿਆਂ ਸਮੇਤ ਦਾਖਲ ਕਰਨਗੇ।
ਇਸਦੇ ਨਾਲ ਹੀ ਚੱਲ ਅਤੇ ਅਚੱਲ ਜਾਇਦਾਦ ਦੇ ਵੇਰਵੇ, ਅਦਾਲਤਾਂ ‘ਚ ਲੰਬਿਤ ਕੇਸਾਂ ਦੇ ਵੇਰਵੇ (ਜੇ ਕੋਈ ਹਨ), ਵਿਦਿਅਕ ਯੋਗਤਾ, ਜਾਇਦਾਦ ਅਤੇ ਦੇਣਦਾਰੀਆਂ ਦੇ ਵੇਰਵੇ, ਓਥ ਕਮਿਸ਼ਨਰ, ਫਸਟ ਕਲਾਸ ਦੇ ਕਾਰਜਕਾਰੀ ਮੈਜਿਸਟਰੇਟ ਜਾਂ ਨੋਟਰੀ ਪਬਲਿਕ ਦੁਆਰਾ ਤਸਦੀਕ ਕੀਤੇ ਗਏ, ਅਤੇ S.C./B.C. ਸਰਟੀਫਿਕੇਟਾਂ ਦੇ ਨਾਲ ਦਾਇਰ ਕੀਤਾ ਜਾਣਾ ਚਾਹੀਦਾ ਹੈ (ਜੇ ਲਾਗੂ ਹੋਵੇ)।
ਇਸ ਤੋਂ ਇਲਾਵਾ ਜੇਕਰ ਉਸ ਨੂੰ ਪਾਰਟੀ ਦੀ ਟਿਕਟ ‘ਤੇ ਨਾਮਜ਼ਦ ਕੀਤਾ ਗਿਆ ਹੈ, ਤਾਂ ਸਪਾਂਸਰਸ਼ਿਪ ਫਾਰਮ ਨੂੰ ਸਿਆਸੀ ਪਾਰਟੀ ਦੇ ਅਧਿਕਾਰਤ ਹਸਤਾਖਰਕਰਤਾ ਦੁਆਰਾ ਭਰਿਆ ਜਾਣਾ ਚਾਹੀਦਾ ਹੈ ਅਤੇ ਤਾਰੀਖ਼ ਮਿਤੀ ਤੋਂ ਪਹਿਲਾਂ ਸਬੰਧਤ ਰਿਟਰਨਿੰਗ ਅਫਸਰ ਨੂੰ ਜਮ੍ਹਾਂ ਕਰਾਉਣਾ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਨਾਮਜ਼ਦਗੀ ਫਾਰਮ, ਹਲਫ਼ੀਆ ਬਿਆਨ ਅਤੇ ਸਪਾਂਸਰਸ਼ਿਪ ਫਾਰਮ ਕਮਿਸ਼ਨ ਦੀ ਵੈੱਬਸਾਈਟ (https://sec.punjab.gov.in) ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਸਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ‘ਚ ਵੀ ਉਪਲਬੱਧ ਹਨ।