ਚੰਡੀਗੜ੍ਹ, 05 ਫਰਵਰੀ, 2024: ਲੋਕ ਸਭਾ ਚੋਣਾਂ ‘ਚ ਕੁਝ ਹੀ ਸਮਾਂ ਬਾਕੀ ਹੈ। ਇਸ ਸਬੰਧੀ ਸਿਆਸੀ ਪਾਰਟੀਆਂ ਦੇ ਨਾਲ-ਨਾਲ ਚੋਣ ਕਮਿਸ਼ਨ (Election Commission) ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਿਆਸੀ ਪ੍ਰਚਾਰ ਅਤੇ ਰੈਲੀਆਂ ‘ਚ ਬੱਚਿਆਂ ਦੀ ਕਿਸੇ ਵੀ ਤਰ੍ਹਾਂ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਸਾਰੀਆਂ ਪਾਰਟੀਆਂ, ਉਮੀਦਵਾਰਾਂ ਅਤੇ ਚੋਣ ਪ੍ਰਚਾਰ ਵਿੱਚ ਲੱਗੇ ਲੋਕਾਂ ਅਤੇ ਮਸ਼ੀਨਰੀ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਬੱਚਿਆਂ ਨੂੰ ਚੋਣ ਨਾਲ ਸਬੰਧਤ ਕੰਮਾਂ ਅਤੇ ਪ੍ਰਚਾਰ ਗਤੀਵਿਧੀਆਂ ਵਿੱਚ ਕਿਸੇ ਵੀ ਰੂਪ ਵਿੱਚ ਸ਼ਾਮਲ ਨਾ ਕਰਨ। ਹਦਾਇਤਾਂ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਅਜਿਹਾ ਕਰਨਾ ਬਿਲਕੁਲ ਵੀ ਸਵੀਕਾਰਕਰਨ ਯੋਗ ਨਹੀਂ ਹੋਵੇਗਾ।
ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਬੱਚਿਆਂ ਨੂੰ ਪੋਸਟਰ ਅਤੇ ਪੈਂਫਲਿਟ ਵੰਡਣ ਜਾਂ ਨਾਅਰੇ ਲਗਾਉਣ ਆਦਿ ਅਤੇ ਹੋਰ ਕਿਸਮ ਦੇ ਪ੍ਰਚਾਰ ਦੇ ਕੰਮਾਂ ਵਿੱਚ ਨਹੀਂ ਵਰਤਿਆ ਜਾਣਾ ਚਾਹੀਦਾ। ਇਨ੍ਹਾਂ ਹਦਾਇਤਾਂ ਵਿੱਚ ਬੱਚੇ ਨੂੰ ਗੋਦੀ ਵਿੱਚ ਬਿਠਾਉਣ, ਬੱਚੇ ਨੂੰ ਗੱਡੀ ਵਿੱਚ ਬਿਠਾ ਕੇ ਜਾਂ ਬੱਚੇ ਨੂੰ ਰੈਲੀਆਂ ਵਿੱਚ ਲਿਜਾਣ ਦੀ ਮਨਾਹੀ ਵੀ ਸ਼ਾਮਲ ਹੈ। ਚੋਣ ਕਮਿਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ, “ਇਹ ਪਾਬੰਦੀ ਕਵਿਤਾ, ਗੀਤ, ਬੋਲੇ ਗਏ ਸ਼ਬਦਾਂ, ਸਿਆਸੀ ਪਾਰਟੀ ਜਾਂ ਉਮੀਦਵਾਰ ਦੇ ਚਿੰਨ੍ਹ ਸਮੇਤ ਕਿਸੇ ਵੀ ਰੂਪ ਵਿੱਚ ਸਿਆਸੀ ਪ੍ਰਚਾਰ ਦੀ ਝਲਕ ਬਣਾਉਣ ਲਈ ਬੱਚਿਆਂ ਦੀ ਵਰਤੋਂ ‘ਤੇ ਵੀ ਲਾਗੂ ਹੋਵੇਗੀ।”
ਚੋਣ ਕਮਿਸ਼ਨ (Election Commission) ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਸਿਆਸੀ ਆਗੂ ਦੀ ਨੇੜਤਾ ਵਿੱਚ ਬੱਚੇ ਦੇ ਨਾਲ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਮੌਜੂਦਗੀ ਨੂੰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਸ਼ਰਤ ਇਹ ਹੈ ਕਿ ਬੱਚਾ ਸਿਆਸੀ ਪਾਰਟੀ ਦੀ ਕਿਸੇ ਵੀ ਚੋਣ ਪ੍ਰਚਾਰ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਉਨ੍ਹਾਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸਰਗਰਮ ਭਾਗੀਦਾਰ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ। ਇਸ ਤੋਂ ਇਲਾਵਾ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਬਾਲ ਮਜ਼ਦੂਰੀ ਰੋਕੂ ਅਤੇ ਰੈਗੂਲੇਸ਼ਨ ਐਕਟ 1986, ਜਿਸ ਵਿੱਚ 2016 ਵਿੱਚ ਸੋਧ ਕੀਤੀ ਗਈ ਸੀ, ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ।