Election Commission

ਚੋਣ ਕਮਿਸ਼ਨ ਵੱਲੋਂ ਵੋਟਿੰਗ ਪ੍ਰਤੀਸ਼ਤ ਵਧਾਉਣ ਵਾਲੇ BLO ਲਈ 5000 ਰੁਪਏ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ

ਸ੍ਰੀ ਮੁਕਤਸਰ ਸਾਹਿਬ, 28 ਮਈ 2024: 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਜਿਆਦਾ ਤੋਂ ਜਿਆਦਾ ਮਤਦਾਨ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿਚ ਚੋਣ ਕਮਿਸ਼ਨ (Election Commission) ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਸਵੀਪ ਗਤੀਵਿਧੀਆਂ ਜਾਰੀ ਹਨ। ਇਸੇ ਲੜੀ ਵਿਚ ਚੋਣ ਕਮਿਸ਼ਨ ਨੇ ਮਤਦਾਨ ਦੌਰਾਨ ਵੋਟ ਪ੍ਰਤੀਸਤ ਵਧਾਉਣ ਲਈ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਵਾਲੇ ਬੀਐਲਓ ਲਈ ਇਨਾਮ ਦੇਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 2019 ਦੇ ਮੁਕਾਬਲੇ 10 ਫ਼ੀਸਦੀ ਜਾਂ ਇਸ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਵਿੱਚ ਵਾਧਾ ਕਰਨ ਵਾਲੇ ਬੀ.ਐਲ.ਓਜ਼ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਸੂਬਾ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੂਥਾਂ ਉੱਤੇ ਵੋਟਿੰਗ ਪ੍ਰਤੀਸ਼ਤ 75 ਫ਼ੀਸਦੀ ਤੋਂ ਵੱਧ ਹੋਵੇਗੀ, ਉੱਥੋਂ ਦੇ ਬੀ.ਐਲ.ਓਜ਼ ਨੂੰ ਵੀ 5000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਲਈ ਚੋਣ ਕਮਿਸ਼ਨ (Election Commission) ਵੱਲੋਂ ਤਿਆਰ ਵੋਟਰ ਗਾਇਡ ਅਤੇ ਸੱਦਾ ਪੱਤਰ ਹਰ ਘਰ ਤੱਕ ਭੇਜਿਆ ਗਿਆ ਹੈ ਅਤੇ ਨਾਲ ਹੀ ਵੋਟਰ ਸਲਿੱਪ ਵੀ ਘਰ ਘਰ ਬੀਐਲਓ ਦੇ ਮਾਰਫਤ ਵੰਡੀਆਂ ਗਈਆਂ ਹਨ ਜਿਸ ਨਾਲ ਵੋਟਰ ਨੁੰ ਪਤਾ ਹੋਵੇ ਕਿ ਉਸਦੀ ਵੋਟ ਕਿਸ ਬੂਥ ਤੇ ਹੈ ਅਤੇ ਉਸਦਾ ਨਾਂਅ ਵੋਟਰ ਸੂਚੀ ਵਿਚ ਕਿਸ ਕ੍ਰਮ ਸੰਖਿਆ ਤੇ ਦਰਜ ਹੈ।

ਉਨ੍ਹਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੇ ਇਸ ਤਿਓਹਾਰ ਵਿਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਹਰੇਕ ਵੋਟਰ 1 ਜੂਨ ਨੂੰ ਆਪਣੇ ਵੋਟ ਹੱਦ ਦਾ ਇਸਤੇਮਾਲ ਜਰੂਰ ਕਰੇ। ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਅਧਿਕਾਰ ਹੀ ਨਹੀਂ ਸਗੋਂ ਫਰਜ ਵੀ ਹੈ ਕਿ ਅਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰੀਏ। ਉਨ੍ਹਾਂ ਨੇ ਕਿਹਾ ਕਿ ਇਸ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥਾਂ ਤੇ ਹਰ ਵੋਟਰਾਂ ਦੀ ਸਹੁਲਤ ਲਈ ਹਰ ਪ੍ਰਕਾਰ ਦੇ ਇੰਤਜਾਮ ਕੀਤੇ ਜਾ ਰਹੇ ਹਨ।

Scroll to Top