ਈਦ

ਮੁਸਲਿਮ ਭਾਈਚਾਰੇ ਵੱਲੋਂ ਅਦਾ ਕੀਤੀ ਈਦ-ਉਲ-ਅਜ਼ਹਾ ਦੀ ਨਮਾਜ਼, ਇੱਕ ਦੂਜੇ ਦੇ ਗਲੇ ਮਿਲ ਦਿੱਤੀ ਮੁਬਾਰਕਬਾਦ

ਅੰਮ੍ਰਿਤਸਰ, 29 ਜੂਨ 2023: ਭਾਰਤ ਇੱਕ ਅਜਿਹਾ ਦੇਸ਼ ਹੈ ਜਿਸਦੇ ਵਿੱਚ ਹਰ ਧਰਮ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਭਾਰਤ ਵਾਸੀਆਂ ਦੇ ਵੱਲੋਂ ਹਰ ਤਿਉਹਾਰ ਨੂੰ ਵੱਖੋ-ਵੱਖ ਢੰਗ ਨਾਲ ਅਤੇ ਮਿਲ-ਜੁਲ ਕੇ ਮਨਾਇਆ ਜਾਂਦਾ ਹੈ। ਮੁਸਲਿਮ ਭਾਈਚਾਰੇ ਦੀ ਗੱਲ ਕਰੀਏ ਤਾਂ ਬਕਰ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਗਲੇ ਮਿਲ ਕੇ ਅਤੇ ਮਿਠਾਈਆਂ ਵੰਡ ਕੇ ਇਸ ਦਿਨ ਦਾ ਆਨੰਦ ਮਾਣਿਆ ਗਿਆ।

ਦੁਨੀਆਂ ਭਰ ਵਿਚ ਬਕਰ ਈਦ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਈਦ ਦੀਆਂ ਰੌਣਕਾਂ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲੀਆਂ ਅੰਮ੍ਰਿਤਸਰ ਦੇ ਹਾਲ ਗੇਟ ਸਥਿਤ ਜਾਮਾ ਮਸਜਿਦ ਖੈਰੂਦੀਨ ਵਿਖੇ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਅਮੀਰ ਗ਼ਰੀਬ ਦਾ ਕੋਈ ਵਿਤਕਰਾ ਨਾ ਹੋ ਕੇ ਇਕ ਕਤਾਰ ਵਿਚ ਖੜ ਹੋ ਕੇ ਨਮਾਜ਼ ਪੜ੍ਹਦੇ ਹਨ ਤੇ ਪੂਰੀ ਦੁਨੀਆਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਦੁਨੀਆਂ ਵਿਚ ਕੋਈ ਵੱਡਾ ਛੋਟਾ ਨਹੀਂ। ਨਮਾਜ਼ ਦੇ ਬਾਦ ਮੌਲਵੀ ਸਾਹਬ ਵਲੋਂ ਦਿਤੇ ਜਾਣ ਵਾਲੇ ਵਿਸ਼ੇਸ਼ ਸੰਬੋਧਨ ਤੋਂ ਬਾਦ ਈਦ ਗਾਹ ਤੇ ਮਸਜਿਦਾਂ ਵਿਚ ਆਏ ਅਪਣੇ ਹਮ ਵਤਨ ਲੋਕਾਂ ਨੂੰ ਗਲੇ ਮਿਲ ਕੇ ਈਦ ਦੀਆਂ ਵਧਾਈਆਂ ਦਾ ਅਦਾਨ ਪ੍ਰਦਾਨ ਕਰਦੇ ਹਨ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੇ ਗਲ ਲੱਗ ਕੇ ਈਦ ਮਨਾਉਂਦੇ ਵੀ ਦਿਖਾਈ ਦਿੱਤੇ।

ਅੰਮ੍ਰਿਤਸਰ ਹਾਲ ਬਾਜ਼ਾਰ ਦੇ ਵਿੱਚ ਮਸਜਿਦ ਵਿਖੇ ਜਿੱਥੇ ਵੱਡੀ ਗਿਣਤੀ ਚ ਮੁਸਲਿਮ ਭਾਈਚਾਰੇ ਦੇ ਲੋਕ ਈਦ ਮਨਾਉਣ ਪਹੁੰਚੇ ਉੱਥੇ ਹੀ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਵੀ ਮੁਸਲਿਮ ਭਾਈਚਾਰੇ ਨਾਲ ਈਦ ਮਨਾਉਣ ਪਹੁੰਚੇ ਅਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਉਹਨਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ, ਉਥੇ ਹੀ ਬੱਕਰ ਈਦ ਦੇ ਇਤਿਹਾਸ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਉਨ੍ਹਾਂ ਕਿਹਾ ਕਿ ਇਸਲਾਮੀ ਵਿਸ਼ਵਾਸ਼ਾਂ ਅਨੁਸਾਰ ਹਜ਼ਰਤ ਇਬਰਾਹਿਮ ਨੇ ਆਪਣੇ ਪੁੱਤਰ ਹਜ਼ਰਤ ਇਸਮਾਈਲ ਨੂੰ ਇਸ ਦਿਨ ਖੁਦਾ ਦੇ ਆਦੇਸ਼ਾਂ ਤੇ ਪ੍ਰਮਾਤਮਾ ਦੇ ਰਾਹ ਤੇ ਕੁਰਬਾਨ ਕਰ ਦਿੱਤਾ ਸੀ ਇਹ ਮੰਨਿਆ ਜਾਂਦਾ ਹੈ ਕਿ ਖੁਦਾ ਨੇ ਉਸ ਦੇ ਜਨੂੰਨ ਨੂੰ ਵੇਖਦਿਆਂ ਉਸ ਦੇ ਪੁੱਤਰ ਨੂੰ ਜੀਵਨਦਾਨ ਦੇ ਦਿੱਤਾ ਸੀ।

ਹਜ਼ਰਤ ਇਬਰਾਹਿਮ ਦਾ 90 ਸਾਲ ਦੀ ਉਮਰ ਵਿੱਚ ਇੱਕ ਬੇਟਾ ਸੀ ਜਿਸ ਦਾ ਨਾਮ ਉਸ ਨੇ ਇਸਮਾਈਲ ਰੱਖਿਆ ਸੀ ਇਕ ਦਿਨ ਅੱਲ੍ਹਾ ਨੇ ਹਜ਼ਰਤ ਇਬਰਾਹਿਮ ਨੂੰ ਆਪਣੀਆਂ ਮਨਪਸੰਦ ਚੀਜ਼ਾਂ ਕੁਰਬਾਨ ਕਰਨ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਇਕ ਦਿਨ ਫਿਰ ਹਜ਼ਰਤ ਇਬਰਾਹਿਮ ਦੇ ਸੁਪਨੇ ਚ ਅੱਲ੍ਹਾ ਨੇ ਉਸ ਤੋਂ ਉਸ ਦੀ ਸਭ ਤੋਂ ਪਿਆਰੀ ਚੀਜ਼ ਦੀ ਬਲੀ ਦੇਣ ਲਈ ਕਿਹਾ ਤਾਂ ਇਬਰਾਹਿਮ ਆਪਣੇ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੋ ਗਿਆ।

ਹਜ਼ਰਤ ਇਬਰਾਹਿਮ ਨੇ ਮਹਿਸੂਸ ਕੀਤਾ ਕਿ ਕੁਰਬਾਨੀ ਦਿੰਦੇ ਸਮੇਂ ਉਸ ਦੀਆਂ ਭਾਵਨਾਵਾਂ ਉਸ ਨੂੰ ਅਜਿਹਾ ਕਰਨ ਤੋਂ ਰੋਕ ਸਕਦੀਆਂ ਹਨ ਇਸ ਲਈ ਉਸ ਨੇ ਆਪਣੀਆਂ ਅੱਖਾਂ ਬੰਨ੍ਹ ਕੇ ਬਲੀ ਚੜ੍ਹਾ ਦਿੱਤੀ ਜਦੋਂ ਉਸ ਨੇ ਆਪਣੀਆਂ ਅੱਖਾਂ ਤੋਂ ਪੱਟੀ ਖੋਲ੍ਹੀ ਤਾਂ ਉਸ ਨੇ ਆਪਣੇ ਪੁੱਤਰ ਨੂੰ ਜਿੰਦਾ ਦੇਖਿਆ ਉਸ ਦੀ ਥਾਂ ਕੱਟਿਆ ਹੋਇਆ ਬਕਰਾ ਪਿਆ ਸੀ, ਇਸ ਕਰਕੇ ਬਕਰੀਦ ਤੇ ਕੁਰਬਾਨੀ ਦੇਣ ਦੀ ਪ੍ਰਥਾ ਸ਼ੁਰੂ ਹੋਈ ਬਕਰੀਦ ਹਜ਼ਰਤ ਇਬਰਾਹਿਮ ਦੀ ਕੁਰਬਾਨੀ ਦੀ ਯਾਦ ਚ ਮਨਾਇਆ ਜਾਂਦਾ ਹੈ ਜਿਸਨੂੰ ਕਿ ਮੁਸਲਿਮ ਭਾਈਚਾਰਾ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਮਨਾਉਂਦਾ ਹੈ।

Scroll to Top