Harjot Singh Bains

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਚਾਇਤਾਂ ਤੇ ਯੂਥ ਕਲੱਬਾਂ ਨੂੰ ਵੰਡੇ ਗ੍ਰਾਂਟਾਂ ਦੇ ਚੈੱਕ

ਸ੍ਰੀ ਅਨੰਦਪੁਰ ਸਾਹਿਬ 14 ਅਪ੍ਰੈਲ 2023: ਗੁਰੂ ਨਗਰੀ ਦੇ ਸਰਵਪੱਖੀ ਵਿਕਾਸ ਅਤੇ ਹਲਕੇ ਦੇ ਹੋਰ ਪਿੰਡਾਂ ਤੇ ਸ਼ਹਿਰਾ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਲਦੀ ਮੁਕੰਮਲ ਹੋ ਜਾਣਗੇ। ਇਲਾਕੇ ਦੇ ਲੋਕਾਂ ਨੂੰ ਸਾਰੀਆ ਬੁਨਿਆਦੀ ਸਹੂਲਤਾਂ ਜਲਦੀ ਉਪਲੱਬਧ ਕਰਵਾਈਆਂ ਜਾਣਗੀਆਂ ਕਿਉਕਿ ਪਿਛਲੇ ਕਈ ਦਹਾਕਿਆਂ ਤੋਂ ਵਿਕਾਸ ਨਾ ਹੋਣ ਕਾਰਨ ਇਹ ਇਲਾਕਾ ਅਣਗੋਲਿਆ ਸੀ, ਜਿੱਥੇ ਹੁਣ ਵੱਡੇ ਪ੍ਰੋਜੈਕਟ ਚੱਲ ਰਹੇ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ (Harjot Singh Bains) ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਅੱਜ ਗ੍ਰਾਮ ਪੰਚਾਇਤਾਂ ਤੇ ਯੂਥ ਕਲੱਬਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਟ ਦੇ ਚੈਕ ਦੇਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਦਹਾਕਿਆ ਤੋ ਇਸ ਇਲਾਕੇ ਦਾ ਵਿਕਾਸ ਰੁਕਿਆ ਹੋਇਆ ਹੈ, ਜਿੱਥੇ ਹੁਣ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇ ਰਹੇ ਹਾਂ, ਉਥੇ ਕਈ ਨਵੇ ਪ੍ਰੋਜੈਕਟ ਵੀ ਚੱਲ ਰਹੇ ਹਨ।

ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀਆਂ 29 ਪੰਚਾਇਤਾਂ ਤੇ 19 ਯੂਥ ਕਲੱਬਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਦਿੱਤੇ ਅਤੇ ਕਿਹਾ ਕਿ ਇਨ੍ਹਾਂ ਗ੍ਰਾਟਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪਹਿਲਾ ਇਹ ਗ੍ਰਾਟਾਂ ਵਰਤਣ ਸਮੇਂ ਵੱਡੀਆਂ ਧਾਂਦਲੀਆਂ ਤੇ ਬੇਨਿਜਮੀਆਂ ਹੁੰਦੀਆਂ ਸਨ, ਜੋ ਹੁਣ ਬਿਲਕੁਲ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟੋਲਰੈਂਸ ਅਪਨਾਈ ਗਈ ਹੈ। ਉਨ੍ਹਾਂ ਨੇ ਪੰਚਾਇਤਾਂ ਨੂੰ ਬਿਨਾ ਭੇਦਭਾਵ ਤੋਂ ਵਿਕਾਸ ਦੇ ਕੰਮ ਕਰਵਾਉਣ ਲਈ ਕਿਹਾ।

ਬੈਂਸ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਗੁਰੂ ਨਗਰੀ ਦੀ ਸੇਵਾ ਦਾ ਮੌਕਾ ਦਿੱਤਾ ਹੈ, ਜਿਸ ਨੂੰ ਪੂਰੀ ਮਿਹਨਤ ਨਾਲ ਨਿਭਾ ਰਹੇ ਹਾਂ। ਉਨ੍ਹਾਂ ਨੇ ਵਿਕਾਸ ਕਾਰਜਾਂ ਦੇ ਚੱਲ ਰਹੇ ਪ੍ਰੋਜੈਕਟ ਤੇ ਮੁਕੰਮਲ ਹੋ ਚੁੱਕੇ ਕੰਮਾਂ ਬਾਰੇ ਦੱਸਿਆ ਕਿ ਪੰਜ ਪਿਆਰਾ ਪਾਰਕ ਦਾ ਨਵੀਨੀਕਰਨ, ਭਾਈ ਜੈਤਾ ਜੀ ਯਾਦਗਾਰ, ਨੇਚਰ ਪਾਰਕ, ਮਾਤਾ ਸ੍ਰੀ ਨੈਣਾ ਦੇਵੀ ਮਾਰਗ, ਯਾਤਰੀ ਸੂਚਨਾ ਕੇਂਦਰ, ਸੋਲਰ ਲਾਈਟਾਂ, ਖੇਡ ਦੇ ਮੈਦਾਨ, ਜਲ ਸਪਲਾਈ ਲਈ ਵੱਖ ਵੱਖ ਸਕੀਮਾਂ ਅਤੇ ਬਹੁਤ ਸਾਰੀਆਂ ਸੜਕਾਂ ਤੇ ਪੁੱਲਾਂ ਦੇ ਕੰਮ ਚੱਲ ਰਹੇ ਹਨ। ਨੰਗਲ ਦਾ ਫਲਾਈ ਓਵਰ ਜਲਦੀ ਮੁਕੰਮਲ ਹੋ ਜਾਵੇਗਾ।

ਉਨ੍ਹਾਂ (Harjot Singh Bains) ਨੇ ਦੱਸਿਆ ਕਿ 80 ਕਰੋੜ ਦੀ ਲਾਗਤ ਨਾਲ ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਮੁਕੰਮਲ ਹੋਣ ਨਾਲ ਸਿੰਚਾਈ ਲਈ ਪਾਣੀ ਸਾਰੇ ਚੰਗਰ ਦੇ ਖੇਤਰ ਨੂੰ ਮਿਲੇਗਾ। ਕੀਰਤਪੁਰ ਸਾਹਿਬ ਵਿਚ ਸੁੰਦਰੀਕਰਨ ਪ੍ਰੋਜੈਕਟ ਤਿਆਰ ਹੋਵੇਗਾ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋ ਨਿਰੰਤਰ ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ ਕਰਕੇ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਿਤ ਕਰਨ ਲਈ ਕਿਹਾ ਹੈ, ਜਿਸ ਨਾਲ ਇਹ ਇਲਾਕਾ ਆਰਥਿਕ ਪੱਖੋ ਮਜਬੂਤ ਹੋਵੇਗਾ। ਉਨ੍ਹਾਂ ਨੇ ਸਮੂਹ ਸੰਗਤਾ ਨੂੰ ਵਿਸਾਖੀ ਅਤੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਸੁੱਭ ਕਾਮਨਾਵਾ ਦਿੱਤੀਆਂ।

ਇਸ ਮੌਕੇ ਏ.ਡੀ.ਸੀ ਅਮਰਦੀਪ ਸਿੰਘ ਗੁਜਰਾਲ, ਡਾ.ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ, ਜਸਪਾਲ ਸਿੰਘ ਢਾਹੇ, ਦੀਪਕ ਸੋਨੀ,ਐਕਸੀਅਨ ਹਰਜੀਤਪਾਲ, ਡਾਕਟਰ ਰਣਵੀਰ ਸਿੰਘ,ਜਸਪ੍ਰੀਤ ਜੇ.ਪੀ, ਬੀ.ਡੀ.ਪੀ.ਓ ਈਸ਼ਾਨ ਚੋਧਰੀ,ਸੋਹਣ ਸਿੰਘ ਬੈਂਸ, ਦਲਜੀਤ ਸਿੰਘ ਕਾਕਾ ਨਾਨਗਰਾ, ਦੱਤ ਕਲਿਤਰਾਂ, ਦਵਿੰਦਰ ਸਿੰਘ ਛਿੰਦੂ,ਕੇਸਰ ਸੰਧੂ, ਕੈਪਟਨ ਗੁਰਨਾਮ ਸਿੰਘ, ਚੇਅਰਮੈਨ ਰਾਕੇਸ਼ ਮਹਿਲਮਾਂ,ਰੋਹਿਤ ਕਾਲੀਆ,ਬੂਟਾ ਬ੍ਰਹਮਪੁਰ, ਜੁਝਾਰ ਆਸਪੁਰ,ਬਿੱਲਾ ਮਹਿਲਵਾਂ, ਸਰਬਜੀਤ ਭਟੋਲੀ,ਜਸਵਿੰਦਰ ਭੰਗਲਾ,ਊਸ਼ਾ ਰਾਣੀ, ਕਮਲੇਸ਼ ਨੱਡਾ, ਕਾਕੂ ਢੇਰ, ਨਰੇਸ਼ ਸੋਨੀ, ਹੈਪੀ ਸਹਿਜੋਵਾਲ, ਵੇਦ ਪ੍ਰਕਾਸ਼ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵੱਖ ਵੱਖ ਪਿੰਡਾਂ ਦੇ ਪੰਚਾਇਤ ਦੇ ਸਰਪੰਚ ਮੈਂਬਰ, ਸਪੋਰਟਸ ਕਲੱਬ ਤੇ ਮਹਿਲਾ ਮੰਡਲ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜਰ ਸਨ।

Scroll to Top