ਸੰਗਰੂਰ, 26 ਸਤੰਬਰ 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ 343 ਲੈਕਚਰਾਰ (lecturer) ਯੂਨੀਅਨ ਵਿਚਕਾਰ ਅਹਿਮ ਮੀਟਿੰਗ 27 ਸਤੰਬਰ ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਵੇਗੀ। ਇਸ ਸੰਬੰਧੀ ਜ਼ਿਲਾ ਸੰਗਰੂਰ ਪ੍ਰਸ਼ਾਸਨ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਾ ਲਿਖਤੀ ਪੱਤਰ ਸੌਂਪ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੰਤ ਜਟਾਨਾ ਨੇ ਦੱਸਿਆ ਕਿ ਉਮੀਦਵਾਰ ਲੰਮੇ ਸਮੇਂ ਤੋਂ ਸੋਧ ਪੱਤਰ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ 2 ਸਾਲ ਦਾ ਸਮਾਂ ਹੋ ਗਿਆ ਮੀਟਿੰਗਾਂ ਕਰਦੇ ਹੋਏ, ਇਸ ਦੌਰਾਨ ਸਿੱਖਿਆ ਮੰਤਰੀ ਬੈਂਸ ਨੇ ਲੈਕਚਰਾਰ (lecturer) ਉਮੀਦਵਾਰਾਂ ਨੂੰ ਹਰ ਵਾਰ ਵਿਸ਼ਵਾਸ ਦਿਵਾਇਆ ਸੀ ਕਿ ਵਿਭਾਗ ਵੱਲੋਂ ਭਰਤੀ ਦੀਆਂ ਸ਼ਰਤਾਂ ‘ਚ ਲੋੜੀਂਦੀ ਤਬਦੀਲੀ ਕਰਕੇ ਜਲਦ ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਬਹੁਤ ਜਲਦੀ ਸੋਧ ਪੱਤਰ ਜਾਰੀ ਕੀਤਾ ਜਾਵੇਗਾ।
ਮੀਤ ਪ੍ਰਧਾਨ ਗਗਨਦੀਪ ਕੌਰ ਭਵਾਨੀਗੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 343 ਲੈਕਚਰਾਰਾਂ ਅਤੇ 55 ਬੈਕਲਾਗ ਲੈਕਚਰਾਰ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਦੌਰਾਨ ਇਤਿਹਾਸ, ਅਰਥ ਸ਼ਾਸ਼ਤਰ ਅਤੇ ਰਾਜਨੀਤੀ ਸ਼ਾਸਤਰ ਲਈ ਬੀ.ਐੱਡ ‘ਚੋਂ ਟੀਚਿੰਗ ਆਫ਼ ਸੋਸ਼ਲ ਸਟੱਡੀਜ/ਸਮਾਜਿਕ ਸਿੱਖਿਆ ਨੂੰ ਯੋਗ ਨਾ ਮੰਨਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ, ਜਦੋਂਕਿ ਪਿਛਲੇ ਸਮੇਂ ਦੌਰਾਨ ਟੀਚਿੰਗ ਆਫ਼ ਸੋਸ਼ਲ ਸਟੱਡੀਜ਼ ਨੂੰ ਲੈਕਚਰਾਰ ਭਰਤੀ ਲਈ ਯੋਗ ਮੰਨਿਆ ਜਾਂਦਾ ਰਿਹਾ ਹੈ।
ਦਰਅਸਲ ਬੀਐੱਡ ਦੌਰਾਨ ਜ਼ਿਆਦਾਤਰ ਵਿਦਿਆਰਥੀ ਇਸੇ ਵਿਸ਼ੇ ਵਿੱਚ ਸਿੱਖਿਆ ਪ੍ਰਾਪਤ ਹਨ। ਵਿਭਾਗ ਵੱਲੋਂ ਲੈਕਚਰਾਰ ਭਰਤੀ ਲਈ 8 ਜਨਵਰੀ 2022 ਨੂੰ ਜਾਰੀ ਇਸ਼ਤਿਹਾਰ ਅਨੁਸਾਰ ਇਤਿਹਾਸ, ਰਾਜਨੀਤੀ ਸ਼ਾਸਤਰ ਤੇ ਅਰਥ ਸ਼ਾਸਤਰ ਦੇ ਲੈਕਚਰਾਰਾਂ ਲਈ ਯੋਗਤਾ ਸਬੰਧਤ ਵਿਸ਼ੇ ਨਾਲ ਐਮ.ਏ 55 ਪ੍ਰਤੀਸ਼ਤ, ਬੀਐੱਡ ਵਿਚ ਟੀਚਿੰਗ ਵਿਸ਼ੇ ਵਿੱਚ ਸਬੰਧਤ ਵਿਸ਼ੇ ਨੂੰ ਹੀ ਯੋਗ ਸਮਝਿਆ ਜਾਵੇਗਾ, ਪਰ 2017 ਤੋਂ ਪਹਿਲਾਂ ਬੀਐੱਡ ਵਿੱਚ ਟੀਚਿੰਗ ਵਿਸ਼ਾ ਸੋਸ਼ਲ ਸਟੱਡੀਜ਼ ਵੀ ਹੁੰਦਾ ਸੀ।
ਆਗੂਆਂ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮੀਟਿੰਗ ‘ਚ ਕੋਈ ਸਿੱਟਾ ਨਾ ਨਿਕਲਿਆ, ਤਾਂ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ, ਜਿਸ ਵਿੱਚ ਦਰਜ਼ਨਾਂ ਅਧਿਆਪਕ ਜਥੇਬੰਦੀਆਂ ਵੀ ਸ਼ਮੂਲੀਅਤ ਕਰਨਗੀਆਂ।ਯੂਨੀਅਨ ਦੇ ਆਗੂਆ ਨੇ ਕਿਹਾ ਜੇਕਰ ਇਸ ਮੀਟਿੰਗ ਵਿੱਚ ਹੱਲ ਨਹੀਂ ਕੀਤਾ ਜਾਂਦਾ ਤਾਂ ਸਿੱਖਿਆ ਮੰਤਰੀ ਵੀ ਵਿਰੋਧ ਸਹਿਣ ਲਈ ਤਿਆਰ ਰਹਿਣ।