CM Mann News

Punjab News: ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਤੇ ਅਧਿਆਪਕ ਦੇਸ਼ ਦੇ ਨਿਰਮਾਤਾ ਹਨ: CM ਮਾਨ

ਚੰਡੀਗੜ੍ਹ, 13 ਦਸੰਬਰ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਨਲੈਂਡ (Finland) ਤੋਂ ਸਿਖਲਾਈ ਪ੍ਰਾਪਤ ਕਰਕੇ ਵਾਪਸ ਪਰਤੇ ਪ੍ਰਾਇਮਰੀ ਅਧਿਆਪਕਾਂ (Primary Teachers) ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਪ੍ਰਾਇਮਰੀ ਅਧਿਆਪਕਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ | ਮੁੱਖ ਮੰਤਰੀ ਮਾਨ ਨੇ ਫਿਨਲੈਂਡ ਤੋਂ ਸਿਖਲਾਈ ਲੈ ਕੇ ਵਾਪਸ ਪਰਤੇ ਅਧਿਆਪਕਾਂ ਨੂੰ ਸੂਬੇ ‘ਚ ਸਿੱਖਿਆ ਕ੍ਰਾਂਤੀ ਦੇ ਮੋਢੀ ਬਣਨ ਦਾ ਸੱਦਾ ਦਿੱਤਾ।

ਅਧਿਆਪਕਾਂ ਨੂੰ  ਸਿੱਖਿਆ ਕ੍ਰਾਂਤੀ ਦੇ ਮੋਢੀ ਬਣਨ ਦਾ ਸੱਦਾ

ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਰੋਲ ਮਾਡਲ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਕ ਨੇਕ ਕੰਮ ਲਈ ਫਿਨਲੈਂਡ ਭੇਜਿਆ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕਾਂ ਨੂੰ ਦੇਸ਼ ਦੀ ਮਜ਼ਬੂਤ ​​ਨੀਂਹ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਨਵੇਂ ਹੁਨਰ ਸਿੱਖਣ ਵਾਲੇ ਇਹ ਅਧਿਆਪਕ ਹੁਣ ਸੂਬੇ ਅਤੇ ਦੇਸ਼ ਦੀ ਵਿਰਾਸਤ ਬਣਨਗੇ।

CM Mann news

ਮੁੱਖ ਮੰਤਰੀ ਮਾਨ ਨੇ ਅਧਿਆਪਕਾਂ (Teachers) ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਤਾਂ ਜੋ ਸਾਡੇ ਬੱਚੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ‘ਚ ਸਰਗਰਮ ਭਾਗੀਦਾਰ ਬਣ ਸਕਣ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਅਧਿਆਪਕਾਂ ਵੱਲੋਂ ਪੜ੍ਹਾਏ ਵਿਦਿਆਰਥੀ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦੇ ਬਰਾਬਰ ਮੁਕਾਬਲਾ ਕਰਨ ਦੇ ਯੋਗ ਹੋਣਗੇ। ਇਹ ਅਧਿਆਪਕ ਆਪਣੇ ਤਜ਼ਰਬੇ ਨੂੰ ਵਿਦਿਆਰਥੀਆਂ ਅਤੇ ਆਪਣੇ ਸਾਥੀਆਂ ਨਾਲ ਸਾਂਝਾ ਕਰਨਗੇ, ਜਿਸ ਨਾਲ ਸਿੱਖਿਆ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।

ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੇ ਸਿੱਖਿਆ ਪ੍ਰਣਾਲੀ ‘ਚ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ ਕਿਉਂਕਿ ਪਹਿਲੀ ਵਾਰ ਸਾਡੇ 72 ਪ੍ਰਾਇਮਰੀ ਅਧਿਆਪਕ ਫਿਨਲੈਂਡ ਤੋਂ ਪੇਸ਼ੇਵਰ ਸਿਖਲਾਈ ਪ੍ਰਾਪਤ ਕਰਕੇ ਵਾਪਸ ਪਰਤੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਨਵੇਂ ਦੇਸ਼ ਦਾ ਦੌਰਾ ਨਹੀਂ ਸੀ, ਸਗੋਂ ਇਹ ਪੰਜਾਬ ਵਿੱਚ ਸਿੱਖਿਆ ਦੇ ਭਵਿੱਖ ਨੂੰ ਨਵੀਆਂ ਤਕਨੀਕਾਂ ਨਾਲ ਢਾਲਣ, ਵਧੀਆ ਅਭਿਆਸਾਂ ਅਤੇ ਨਵੀਨਤਾਕਾਰੀ ਤਰੀਕਿਆਂ ਦੀ ਖੋਜ ਕਰਨ ਦਾ ਇੱਕ ਵਿਲੱਖਣ ਮੌਕਾ ਸੀ।

ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ‘ਚ ਸੁਧਾਰ ਲਈ ਲਗਾਤਾਰ ਯਤਨ ਕਰ ਰਹੀ ਹੈ ਤਾਂ ਜੋ ਹਰ ਬੱਚਾ ਭਾਵੇਂ ਉਹ ਕਿਸੇ ਵੀ ਹੋਵੇ, ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਸਕੇ।

ਫਿਨਲੈਂਡ ਦਾ ਵਿਸ਼ਵ ਪੱਧਰ ‘ਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਢਾਂਚਾ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫਿਨਲੈਂਡ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਵਿਸ਼ਵ ਪੱਧਰ ‘ਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਢਾਂਚੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਅਧਿਆਪਕਾਂ ਦੇ ਉੱਨਤ ਹੁਨਰ, ਉਨ੍ਹਾਂ ਦੀਆਂ ਰੁਚੀਆਂ ਨੂੰ ਧਿਆਨ ‘ਚ ਰੱਖਦੇ ਹੋਏ, ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ‘ਚ ਸਹਾਈ ਹੋਣਗੇ।

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਹ ਦਿਨ ਸੂਬੇ ਦੇ ਇਤਿਹਾਸ ‘ਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਨ ਦੀਆਂ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣ ਦੇ ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ (Teachers)  ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰ ਸਕਣ।

ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਦੇ ਦਰਵਾਜ਼ੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹਨ, ਜੋ ਸਿੱਖਿਆ ਦਾ ਪੱਧਰ ਉੱਚਾ ਚੁੱਕ ਸਕਦੇ ਹਨ। ਇਸ ਲਈ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਬਿਹਤਰ ਸਿਖਲਾਈ ਦੇ ਕੇ ਉਨ੍ਹਾਂ ਦੇ ਅਧਿਆਪਨ ਦੇ ਹੁਨਰ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਖਲਾਈ ਅਧਿਆਪਕਾਂ ਨੂੰ ਅਤਿ-ਆਧੁਨਿਕ ਅਧਿਆਪਨ ਅਭਿਆਸਾਂ, ਅਗਵਾਈ ਦੇ ਹੁਨਰ ਅਤੇ ਹੋਰ ਨਵੀਨਤਾਕਾਰੀ ਤਰੀਕਿਆਂ ਨਾਲ ਲੈਸ ਕਰੇਗੀ, ਜਿਸ ਨਾਲ ਉਨ੍ਹਾਂ ਦੀ ਸੋਚ ਦਾ ਵਿਸਥਾਰ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਲਈ ਇੱਕ ਪਲੇਟਫਾਰਮ ਤਿਆਰ ਕਰੇਗੀ ਜਿੱਥੇ ਉਹ ਆਪਣੇ ਗਿਆਨ ਨੂੰ ਦੂਜੇ ਅਧਿਆਪਕਾਂ ਨਾਲ ਸਾਂਝਾ ਕਰ ਸਕਦੇ ਹਨ ਅਤੇ ਸਕੂਲਾਂ ‘ਚ ਲਗਾਤਾਰ ਸੁਧਾਰ ਕਰਨ ਦਾ ਸੱਭਿਆਚਾਰ ਵਿਕਸਿਤ ਕਰ ਸਕਦੇ ਹਨ। ਭਗਵੰਤ ਮਾਨ ਨੇ ਅਧਿਆਪਕਾਂ (Teachers) ਨੂੰ ਇਸ ਪਰਿਵਰਤਨਸ਼ੀਲ ਪਹਿਲਕਦਮੀ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਨ ਦਾ ਸੱਦਾ ਦਿੱਤਾ, ਕਿਉਂਕਿ ਇਹ ਨਾ ਸਿਰਫ਼ ਸਿੱਖਿਆ ਲਈ ਹੈ, ਸਗੋਂ ਲੱਖਾਂ ਬੱਚਿਆਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਵੀ ਸਾਕਾਰ ਕਰੇਗਾ।

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਦਿਆਰਥੀਆਂ ਲਈ ਵਿਲੱਖਣ ਮੌਕੇ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਅਤੇ ਗੂਗਲ ਦੇ ਮੁੱਖ ਦਫ਼ਤਰ ਦਾ ਦੌਰਾ ਕਰਵਾਇਆ ਜਾਵੇਗਾ। ਇਸ ਵਿਲੱਖਣ ਅਨੁਭਵ ਦਾ ਉਦੇਸ਼ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਬਾਰੇ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਹੈ।

Read More: PPSC: ਪੰਜਾਬ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਮੰਗੇ ਬਿਨੈ ਪੱਤਰ

Scroll to Top