ਚੰਡੀਗੜ੍ਹ,26 ਅਗਸਤ, 2021: ਸਿੱਖਿਆ ਵਿਭਾਗ ਵੱਲੋਂ 8393 ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਸਬੰਧੀ ਦਿੱਤਾ ਗਿਆ ਇਸ਼ਤਿਹਾਰ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।
ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ.) ਵੱਲੋਂ ਅੱਜ ਪੱਤਰ ਜਾਰੀ ਕਰਕੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਵਾਪਸ ਲੈ ਲਈ ਗਈ ਹੈ। ਪੱਤਰ ਵਿੱਚ ਲਿਖਿਆ ਹੈ ਕਿ ਸਿੱਖਿਆ ਵਿਭਾਗ ਵੱਲੋਂ 23 ਨਵੰਬਰ 2020 ਨੂੰ ਦਿੱਤਾ ਇਸ਼ਤਿਹਾਰ ਰੱਦ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ ਭਰਤੀ ਵਿੱਚ ਅਪਲਾਈ ਕੀਤਾ ਸੀ, ਉਨ੍ਹਾਂ ਵੱਲੋਂ ਜਿਸ ਅਕਾਊਂਟ ਵਿੱਚੋਂ ਫ਼ੀਸ ਭਰੀ ਗਈ ਹੈ, ਉਸੇ ਅਕਾਊਂਟ ਵਿੱਚ ਕੱਟੇ ਗਏ ਪੈਸੇ ਵਾਪਸ ਭੇਜ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 23 ਨਵੰਬਰ 2020 ਨੂੰ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਭਰਤੀ ਕਰਨ ਸਬੰਧੀ ਇਹ ਇਸ਼ਤਿਹਾਰ ਕੀਤਾ ਗਿਆ ਸੀ, ਜਿਸ ਵਿੱਚ ਪੰਜਾਬ ਦੇ ਲੱਖਾਂ ਐੱਨ. ਟੀ. ਟੀ. ਕੋਰਸ ਪਾਸ ਬੇਰੁਜ਼ਗਾਰਾਂ ਅਧਿਆਪਕਾਂ ਨੇ ਅਪਲਾਈ ਕੀਤਾ ਹੋਇਆ ਸੀ ਅਤੇ ਪੰਜਾਬ ਦੇ ਹਜ਼ਾਰਾਂ ਐੱਨ. ਟੀ. ਟੀ. ਕੋਰਸ ਪਾਸ ਬੇਰੁਜ਼ਗਾਰ ਅਧਿਆਪਕਾਂ ਇਸ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਦੀ ਪ੍ਰਾਈਵੇਟ ਕੋਚਿੰਗ ਸੈਂਟਰਾਂ ਵਿੱਚ ਤਿਆਰੀ ਵੀ ਕਰ ਰਹੇ ਸਨ।