ਚੰਡੀਗੜ੍ਹ, 12 ਜਨਵਰੀ 2024: ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਲੁਧਿਆਣਾ ਵਿੱਚ ਕੰਪਨੀ ਮੈਸਰਜ਼ ਐੱਸ.ਈ.ਐਲ (SEL) ਟੈਕਸਟਾਈਲ ਲਿਮਟਿਡ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 1530 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ | ਅੱਜ ਸਵੇਰ ਤੋਂ ਹੁਣ ਤੱਕ ਈਡੀ ਦੀ ਟੀਮ ਕੰਪਨੀ ਦੇ ਕਰੀਬ 13 ਥਾਵਾਂ ‘ਤੇ ਛਾਪੇਮਾਰੀ ਕਰ ਚੁੱਕੀ ਹੈ । ਜਿਸ ਵਿੱਚ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਈ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜਾਇਦਾਦਾਂ ਸ਼ਾਮਲ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀ ਅਰਧ ਸੈਨਿਕ ਬਲਾਂ ਦੇ ਨਾਲ ਵੱਖ-ਵੱਖ ਟੀਮਾਂ ਬਣਾ ਕੇ ਇਹ ਛਾਪੇਮਾਰੀ ਕਰ ਰਹੇ ਹਨ। ਇਹ ਕਾਰਵਾਈ ਕੰਪਨੀ ਦੇ ਖ਼ਿਲਾਫ਼ ਬੈਂਕ ਧੋਖਾਧੜੀ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਸੂਚਨਾ ਰਿਪੋਰਟ (ਈਸੀਆਈਆਰ) ਦਾ ਫਾਲੋ-ਅਪ ਦੱਸਿਆ ਜਾਂਦਾ ਹੈ।
ਸੀਬੀਆਈ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਸੀ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ 1530 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਈਡੀ ਨੇ 2023 ਵਿੱਚ 828 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਸੀ |