ਦਿੱਲੀ, 26 ਅਗਸਤ 2025: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ਸਮੇਤ 13 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਹਸਪਤਾਲ ਨਿਰਮਾਣ ‘ਚ ਹੋਏ ਘਪਲੇ ਦੇ ਸਬੰਧ ‘ਚ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਈਡੀ ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇੱਕ ਟੀਮ ਨੇ ਹਸਪਤਾਲ ਨਿਰਮਾਣ ‘ਚ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਦਵਾਜ ਦੇ ਘਰ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਈਡੀ ਦਿੱਲੀ ਅਤੇ ਆਸ ਪਾਸ ਦੇ 13 ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੌਰਭ ਭਾਰਦਵਾਜ ਦੇ ਘਰ ਛਾਪੇਮਾਰੀ ‘ਤੇ ਕਿਹਾ ਕਿ ਮੋਦੀ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਅਤੇ ‘ਆਪ’ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ‘ਆਪ’ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਪਾਰਟੀ ਨੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਸਭ ਤੋਂ ਵੱਧ ਆਵਾਜ਼ ਉਠਾਈ ਹੈ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਸੌਰਭ ਭਾਰਦਵਾਜ ਦੇ ਘਰ ਛਾਪੇਮਾਰੀ ਕੀਤੀ ਹੈ, ਕਿਉਂਕਿ ਕੱਲ੍ਹ ਤੋਂ ਪੂਰੇ ਦੇਸ਼ ‘ਚ ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਬਾਰੇ ਚਰਚਾ ਹੋ ਰਹੀ ਹੈ, ਡਿਗਰੀ ਫਰਜ਼ੀ ਹੈ। ਇਹ ਛਾਪੇਮਾਰੀ ਉਸ ਤੋਂ ਧਿਆਨ ਹਟਾਉਣ ਲਈ ਕੀਤੀ ਗਈ ਹੈ। ਸਤੇਂਦਰ ਜੈਨ ਨੂੰ ਵੀ ਤਿੰਨ ਸਾਲ ਜੇਲ੍ਹ ‘ਚ ਰੱਖਿਆ ਗਿਆ ਸੀ ਪਰ ਬਾਅਦ ‘ਚ ਸੀਬੀਆਈ ਅਤੇ ਈਡੀ ਨੇ ਅਦਾਲਤ ‘ਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ। ਇਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਖ਼ਿਲਾਫ਼ ਦਰਜ ਸਾਰੇ ਮਾਮਲੇ ਫਰਜ਼ੀ ਅਤੇ ਝੂਠੇ ਹਨ।
ਸੌਰਭ ਭਾਰਦਵਾਜ ਖ਼ਿਲਾਫ਼ ਈਡੀ ਦੀ ਕਾਰਵਾਈ ‘ਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਬਿਆਨ ਆਇਆ ਹੈ। ‘ਆਪ’ ਨੇ ਇਸ ਕਾਰਵਾਈ ਨੂੰ ਧਿਆਨ ਭਟਕਾਉਣ ਦੀ ਰਣਨੀਤੀ ਦੱਸਿਆ ਹੈ। ਇਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਖ਼ਿਲਾਫ਼ ਕੇਸ ਝੂਠਾ ਹੈ। ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਈਡੀ ਦੀ ਕਾਰਵਾਈ ‘ਤੇ ਕਿਹਾ ਕਿ ਛਾਪਾ ਧਿਆਨ ਭਟਕਾਉਣ ਦੀ ਰਣਨੀਤੀ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਭਾਰਦਵਾਜ ਕੋਈ ਮੰਤਰੀ ਅਹੁਦਾ ਨਹੀਂ ਸੰਭਾਲ ਰਹੇ ਸਨ। ਇਹ ਮਾਮਲਾ ਝੂਠਾ ਹੈ।
Read More: ਫਗਵਾੜਾ ‘ਚ ED ਟੀਮਾਂ ਵੱਲੋਂ ਸ਼ੂਗਰ ਮਿੱਲ ਤੇ ਗੋਲਡ ਜਿਮ ‘ਤੇ ਛਾਪੇਮਾਰੀ