ਚੰਡੀਗੜ੍ਹ, 05 ਦਸੰਬਰ 2023: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਹਰਿਆਣਾ ਦੇ ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਸ ਦੇ ਕਰੀਬੀ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਵੱਡੀ ਬਰਾਮਦਗੀ ਕੀਤੀ ਹੈ। ਈਡੀ ਨੇ ਵੀਰਵਾਰ ਨੂੰ ਇਹ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਈਡੀ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਦੇ ਟਿਕਾਣਿਆਂ ਤੋਂ 5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ 3 ਸੋਨੇ ਦੇ ਬਿਸਕੁਟ, ਵਿਦੇਸ਼ੀ ਸ਼ਰਾਬ ਦੀਆਂ 100 ਤੋਂ ਵੱਧ ਬੋਤਲਾਂ, ਵਿਦੇਸ਼ਾਂ ਵਿਚ ਬਣੀਆਂ ਕਈ ਜਾਇਦਾਦਾਂ ਦੇ ਦਸਤਾਵੇਜ਼, 4 ਗੈਰ-ਕਾਨੂੰਨੀ ਵਿਦੇਸ਼ੀ ਰਾਈਫਲਾਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਅਦਾਲਤ ਦੇ ਹੁਕਮਾਂ ‘ਤੇ ਈਡੀ ਨੇ ਹਰਿਆਣਾ ‘ਚ ਨਾਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਛਾਪੇਮਾਰੀ ਕੀਤੀ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ ਮਾਈਨਿੰਗ ਕਾਰੋਬਾਰੀਆਂ ਦੇ 20 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਯਮੁਨਾਨਗਰ ਵਿੱਚ ਈਡੀ ਨੇ ਮਹਾਰਾਣਾ ਪ੍ਰਤਾਪ ਚੌਕ ਨੇੜੇ ਦਿਲਬਾਗ ਸਿੰਘ ਦੇ ਦਫ਼ਤਰ, ਸੈਕਟਰ-18 ਵਿੱਚ ਮਾਈਨਿੰਗ ਏਜੰਸੀ ਦੇ ਦਫ਼ਤਰ ਅਤੇ ਕਲੇਸਰ ਵਿੱਚ ਫਾਰਮ ਹਾਊਸ ਦੀ ਤਲਾਸ਼ੀ ਲਈ। ਟੀਮਾਂ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਸੰਜੀਵ ਗੁਪਤਾ, ਇੰਦਰਪਾਲ ਸਿੰਘ ਉਰਫ਼ ਬੱਬਲ ਅਤੇ ਟਰਾਂਸਪੋਰਟਰ ਗੁਰਬਾਜ਼ ਸਿੰਘ ਦੇ ਦਫ਼ਤਰ ਵੀ ਪੁੱਜੀਆਂ।
ਸੰਜੀਵ ਗੁਪਤਾ ਮਾਈਨਿੰਗ ਅਤੇ ਪਲਾਈਵੁੱਡ ਦੇ ਕਾਰੋਬਾਰ ਵਿੱਚ ਦਿਲਬਾਗ ਸਿੰਘ ਨਾਲ ਭਾਈਵਾਲ ਹੈ ਅਤੇ ਇੰਦਰਪਾਲ ਨਾਲ ਸਬੰਧਤ ਹੈ। ਉਸ ਦੇ ਸੰਤਪੁਰਾ ਰੋਡ ’ਤੇ ਸਥਿਤ ਘਰ ’ਤੇ ਛਾਪਾ ਮਾਰਿਆ ਗਿਆ। ਗੁਰਬਾਜ਼ ਸਿੰਘ ਸਾਬਕਾ ਵਿਧਾਇਕ ਦੇ ਚਚੇਰੇ ਭਰਾ ਹਨ। ਉਨ੍ਹਾਂ ਦੇ ਮਾਝਾ ਪਹਿਲਵਾਨ ਦੇ ਟਰਾਂਸਪੋਰਟ ਦਫ਼ਤਰ ‘ਤੇ ਛਾਪਾ ਮਾਰਿਆ ਗਿਆ।
ਈਡੀ ਦੀਆਂ ਟੀਮਾਂ ਮਾਈਨਿੰਗ ਕਾਰੋਬਾਰ ‘ਚ ਮਨੀ ਲਾਂਡਰਿੰਗ ਦੀ ਜਾਂਚ ਲਈ ਵੀਰਵਾਰ ਸਵੇਰੇ ਯਮੁਨਾਨਗਰ, ਸੋਨੀਪਤ, ਮੋਹਾਲੀ, ਫਰੀਦਾਬਾਦ, ਚੰਡੀਗੜ੍ਹ ਅਤੇ ਕਰਨਾਲ ਪਹੁੰਚੀਆਂ ਸਨ। ਇਸ ਦੌਰਾਨ ਸਥਾਨਕ ਪੁਲਿਸ ਦੇ ਨਾਲ ਕੇਂਦਰੀ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਸਨ। ਕਾਂਗਰਸੀ ਵਿਧਾਇਕ ਪੰਵਾਰ ਦਾ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਵਿੱਚ ਵੀ ਮਾਈਨਿੰਗ ਦਾ ਕਾਰੋਬਾਰ ਹੈ।