ED Raid

ਕਰੋੜਾਂ ਰੁਪਏ ਦੇ ਘਪਲੇ ਮਾਮਲੇ ‘ਚ ED ਵੱਲੋਂ ਰਾਜਸਥਾਨ ‘ਚ 10 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ

ਚੰਡੀਗੜ੍ਹ, 25 ਅਪ੍ਰੈਲ 2025: ED Raid In Rajasthan : ਪੰਜਾਬ ਨੈਸ਼ਨਲ ਬੈਂਕ ‘ਚ ਹੋਏ ਕਰੋੜਾਂ ਰੁਪਏ ਦੇ ਘਪਲੇ ਮਾਮਲੇ ਦੇ ਸਬੰਧ ‘ਚ ਈਡੀ ਨੇ  ਸ਼ੁੱਕਰਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਰਾਜਸਥਾਨ ‘ਚ 10 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਮਾਮਲੇ ‘ਚ ਐਫਆਈਆਰ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ। ਸ਼੍ਰੀਗੰਗਾਨਗਰ ਦਾ ਅਮਨਦੀਪ ਚੌਧਰੀ ਇਸ ਘਪਲੇ ਦਾ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ।

ਇਸ ਮਾਮਲੇ’ਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਐਫਆਈਆਰ ਦਰਜ ਕੀਤੀ ਸੀ। ਹੁਣ ਇਸ ਮਾਮਲੇ ‘ਚ ਈਡੀ ਨੇ ਬੀਕਾਨੇਰ, ਹਨੂੰਮਾਨਗੜ੍ਹ ਅਤੇ ਜੈਪੁਰ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਈਡੀ ਲਗਾਤਾਰ ਦੂਜੇ ਦਿਨ ਵੀ ਸੂਬੇ ‘ਚ ਸਰਗਰਮ ਰਹੀ। ਵੀਰਵਾਰ ਨੂੰ ਈਡੀ ਨੇ ਜਲ ਜੀਵਨ ਮਿਸ਼ਨ ਘਪਲੇ ਮਾਮਲੇ ‘ਚ ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਮਹੇਸ਼ ਜੋਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ। ਇਸ ਤੋਂ ਪਹਿਲਾਂ, ਈਡੀ ਨੇ ਇੱਥੇ ਸਹਾਰਾ ਪ੍ਰਾਈਮ ਲਿਮਟਿਡ ਦੀ 1,023 ਏਕੜ ਜ਼ਮੀਨ ਨੂੰ ਵੀ ਅਸਥਾਈ ਤੌਰ ‘ਤੇ ਜ਼ਬਤ ਕੀਤਾ ਸੀ।

ਉਸੇ ਮਹੀਨੇ, ਈਡੀ ਨੇ ਚਿੱਟ ਫੰਡ ਘਪਲੇ ਦੇ ਸਬੰਧ ‘ਚ ਸਾਬਕਾ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਖਚਾਰੀਆਵਾਸ ਦੇ ਘਰ ਵੀ ਛਾਪਾ ਮਾਰਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਪਲੇ ‘ਚ ਸੂਬੇ ਭਰ ਦੇ 28 ਲੱਖ ਨਿਵੇਸ਼ਕਾਂ ਦੇ ਲਗਭਗ 2850 ਕਰੋੜ ਰੁਪਏ ਫਸੇ ਹੋਏ ਹਨ।

ਪੰਜਾਬ ਨੈਸ਼ਨਲ ਬੈਂਕ ਮਾਮਲੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਗੰਗਾਨਗਰ ਨਿਵਾਸੀ ਅਮਨਦੀਪ ਚੌਧਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਤੋਂ 25 ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਇਸ ਤੋਂ ਬਾਅਦ ਬੈਂਕ ਨਾਲ ਧੋਖਾਧੜੀ ਕਰਕੇ ਪੈਸੇ ਹੜੱਪ ਲਏ। ਦੋਸ਼ ਹੈ ਕਿ ਉਨ੍ਹਾਂ ਨੇ ਗੋਦਾਮ ‘ਚ ਰੱਖੇ ਸਾਮਾਨ ਨੂੰ ਗਿਰਵੀ ਰੱਖ ਕੇ ਕਰਜ਼ਾ ਲਿਆ ਸੀ ਪਰ ਬਾਅਦ ‘ਚ ਬੈਂਕ ਨੂੰ ਦੱਸੇ ਬਿਨਾਂ ਸਾਮਾਨ ਬਾਜ਼ਾਰ ‘ਚ ਵੇਚ ਦਿੱਤਾ ਗਿਆ।

ਇਸ ਪੂਰੇ ਮਾਮਲੇ ‘ਚ ਅਮਨਦੀਪ ਚੌਧਰੀ ਦੇ ਨਾਲ, ਉਸਦੀ ਪਤਨੀ ਸੁਨੀਤਾ ਚੌਧਰੀ, ਓਮਪ੍ਰਕਾਸ਼ ਅਤੇ ਹੋਰ ਮੁਲਜ਼ਮ ਵੀ ਸ਼ਾਮਲ ਹਨ। ਈਡੀ ਦੀਆਂ ਟੀਮਾਂ ਨੇ ਜੈਪੁਰ ‘ਚ ਮੁਲਜ਼ਮਾਂ ਦੇ ਤਿੰਨ, ਬੀਕਾਨੇਰ ‘ਚ ਦੋ ਅਤੇ ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ‘ਚ ਪੰਜ ਥਾਵਾਂ ‘ਤੇ ਛਾਪੇਮਾਰੀ ਕੀਤੀ।

ਜਿਕਰਯੋਗ ਹੈ ਕਿ ਇਸ ਧੋਖਾਧੜੀ ਸਬੰਧੀ ਅਕਤੂਬਰ 2020 ‘ਚ ਜੋਧਪੁਰ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ‘ਚ ਇੱਕ ਕੇਸ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ‘ਚ ਮਨੀ ਲਾਂਡਰਿੰਗ ਦੀ ਸੰਭਾਵਨਾ ਦੇ ਕਾਰਨ, ਈਡੀ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read More: Delhi News: ਈਡੀ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰੇਗੀ ਕਾਂਗਰਸ, ਜਾਣੋ ਮਾਮਲਾ

Scroll to Top