ਚੰਡੀਗੜ੍ਹ, 28 ਅਕਤੂਬਰ 2023: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਫਾਰਮਾ ਕੰਪਨੀ ਪੈਰਾਬੋਲਿਕ ਡਰੱਗਜ਼ (Parabolic Drugs) ਦੇ ਦੋ ਪ੍ਰਮੋਟਰਾਂ ਅਤੇ ਇੱਕ ਕੰਪਨੀ ਦੇ ਸੀਏ ਨੂੰ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਵਿੱਚ ਗ੍ਰਿਫਤਾਰ ਕੀਤਾ ਹੈ। ਵਿਭਾਗ ਨੇ ਕਿਹਾ ਕਿ ਪੈਰਾਬੋਲਿਕ ਪ੍ਰਮੋਟਰ ਵਿਨੀਤ ਗੁਪਤਾ ਅਤੇ ਪ੍ਰਣਵ ਗੁਪਤਾ ਅਤੇ ਚਾਰਟਰਡ ਅਕਾਊਂਟੈਂਟ ਐਸਕੇ ਬਾਂਸਲ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।
ਪੈਰਾਬੋਲਿਕ ਪ੍ਰਮੋਟਰ ਵਿਨੀਤ ਗੁਪਤਾ ਸੋਨੀਪਤ-ਅਧਾਰਤ ਅਸ਼ੋਕਾ ਯੂਨੀਵਰਸਿਟੀ ਦੇ ਸਹਿ-ਸੰਸਥਾਪਕ ਹਨ, ਪਰ ਉਸਨੇ 2021 ਵਿੱਚ ਸੀਬੀਆਈ ਦੁਆਰਾ ਉਸਦੇ ਅਤੇ ਕੰਪਨੀ ਵਿਰੁੱਧ ਕੇਸ ਦਰਜ ਕੀਤੇ ਜਾਣ ਤੋਂ ਬਾਅਦ 2022 ਵਿੱਚ ਵਿਦਿਅਕ ਸੰਸਥਾ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਤਿੰਨਾਂ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਜਿੱਥੇ ਈਡੀ ਉਨ੍ਹਾਂ ਦੀ ਹਿਰਾਸਤ ਦੀ ਮੰਗ ਕਰੇਗਾ।




