Johar Trust

ਈ.ਡੀ ਤੇ ਕਰ ਵਿਭਾਗ ਵੱਲੋਂ ਸਾਬਕਾ ਮੰਤਰੀ ਆਜ਼ਮ ਖਾਨ ਦੇ 30 ਟਿਕਾਣਿਆਂ ‘ਤੇ ਛਾਪੇਮਾਰੀ

ਚੰਡੀਗੜ੍ਹ 13 ਸਤਬੰਰ 2023: ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਆਮਦਨ ਕਰ ਵਿਭਾਗ ਨੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਆਜ਼ਮ ਖਾਨ (Azam Khan) ਦੇ ਰਾਮਪੁਰ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਦਿਨ ਚੜ੍ਹਦੇ ਹੀ ਦੋਵੇਂ ਵਿਭਾਗਾਂ ਦੀਆਂ ਟੀਮਾਂ ਉਸ ਦੇ ਘਰ ਪਹੁੰਚ ਗਈਆਂ ਅਤੇ ਘਰ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਆਮਦਨ ਕਰ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਲਖਨਊ, ਮੇਰਠ, ਰਾਮਪੁਰ ਅਤੇ ਗਾਜ਼ੀਆਬਾਦ ਸਮੇਤ ਆਜ਼ਮ ਖਾਨ ਦੇ 30 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ ‘ਚ ਵੀ ਆਜ਼ਮ ਖਾਨ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਦੀ ਟੀਮ ਸਪਾ ਵਿਧਾਇਕ ਨਸੀਰ ਖਾਨ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਪ੍ਰਧਾਨ ਸਲੀਮ ਕਾਸਿਮ ਦੇ ਘਰ ਵੀ ਪਹੁੰਚ ਗਈ ਹੈ। ਇਹ ਦੋਵੇਂ ਆਗੂ ਟਰੱਸਟ ਦੇ ਮੈਂਬਰ ਵੀ ਹਨ।

ਆਮਦਨ ਕਰ ਵਿਭਾਗ ਦੀ ਟੀਮ ਸੀਤਾਪੁਰ ਦੇ ਰੀਜੈਂਸੀ ਸਕੂਲ ‘ਚ ਛਾਪੇਮਾਰੀ ਕਰ ਰਹੀ ਹੈ। ਵਿਭਾਗ ਦੇ ਸਥਾਨਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਸ ਛਾਪੇਮਾਰੀ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਛਾਪੇਮਾਰੀ ਤੋਂ ਬਾਅਦ ਰੀਜੈਂਸੀ ਸਕੂਲ ਅਤੇ ਅਲ ਜੌਹਰ ਟਰੱਸਟ ਵਿਚਾਲੇ ਕੁਝ ਸਬੰਧ ਹੋਣ ਦੀ ਚਰਚਾ ਹੈ | ਦੱਸਿਆ ਜਾ ਰਿਹਾ ਹੈ ਕਿ ਇੱਥੇ ਅਲ ਜੌਹਰ ਟਰੱਸਟ ਦਾ ਲੋਗੋ ਡਿਜ਼ਾਈਨ ਕੀਤਾ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2019 ‘ਚ ਜੌਹਰ ਯੂਨੀਵਰਸਿਟੀ ਲਈ ਜ਼ਮੀਨ ਹੜੱਪਣ ਦੇ ਮਾਮਲੇ ‘ਚ ਆਜ਼ਮ ਖਾਨ (Azam Khan) ‘ਤੇ 30 ਮਾਮਲੇ ਦਰਜ ਕੀਤੇ ਗਏ ਸਨ। ਈਡੀ ਨੇ ਆਜ਼ਮ ਖ਼ਾਨ ਖ਼ਿਲਾਫ਼ ਵੀ ਕੇਸ ਦਰਜ ਕੀਤਾ ਸੀ। ਲਖਨਊ ਤੋਂ ਈਡੀ ਦੀ ਟੀਮ ਨੇ ਕਈ ਵਾਰ ਰਾਮਪੁਰ ਪਹੁੰਚ ਕੇ ਜਾਂਚ ਕੀਤੀ ਸੀ। ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਇਨਕਮ ਟੈਕਸ ਦੀ ਟੀਮ ਆਜ਼ਮ ਖਾਨ ਦੇ ਘਰ ਦੀ ਜਾਂਚ ਕਰ ਰਹੀ ਹੈ। ਟੀਮ ਆਜ਼ਮ ਖਾਨ ਦੇ ਬੇਟੇ ਅਬਦੁੱਲਾ ਆਜ਼ਮ ਦੇ ਦੋਸਤ ਅਨਵਰ ਦੇ ਘਰ ਵੀ ਪਹੁੰਚੀ ਹੈ।

ਸ਼ਹਿਰ ਦੇ ਵਿਧਾਇਕ ਆਕਾਸ਼ ਸਕਸੈਨਾ ਦੇ ਮੁਤਾਬਕ ਆਜ਼ਮ ਖਾਨ ਨੇ ਅਰਬਾਂ ਰੁਪਏ ਦੀ ਯੂਨੀਵਰਸਿਟੀ ਬਣਾਈ ਹੈ, ਅਸੀਂ ਸ਼ਿਕਾਇਤ ਕੀਤੀ ਸੀ ਕਿ ਇਹ ਪੈਸਾ ਕਿੱਥੋਂ ਆਇਆ, ਹੁਣ ਇਨਕਮ ਟੈਕਸ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ। ਯੂਨੀਵਰਸਿਟੀ ਨੂੰ ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ ਦੁਆਰਾ ਚਲਾਇਆ ਜਾਂਦਾ ਹੈ, ਜਿਸ ਦੇ ਆਜ਼ਮ ਖਾਨ ਪ੍ਰਧਾਨ ਹਨ। ਆਮਦਨ ਕਰ ਵਿਭਾਗ ਦੀ ਟੀਮ ਇਸ ਟਰੱਸਟ ਦੇ ਮੈਂਬਰਾਂ ਦੇ ਘਰਾਂ ਅਤੇ ਹੋਰ ਥਾਵਾਂ ਦੀ ਵੀ ਜਾਂਚ ਕਰ ਰਹੀ ਹੈ।

Scroll to Top