Site icon TheUnmute.com

ਭਾਰਤੀ ਚੋਣ ਕਮਿਸ਼ਨ ਨੇ ਨੈਸ਼ਨਲ ਮੀਡੀਆ ਐਵਾਰਡ- 2023 ਲਈ ਅਰਜ਼ੀਆਂ ਮੰਗੀਆਂ

Voter

ਚੰਡੀਗੜ੍ਹ, 20 ਅਕਤੂਬਰ 2023: ਭਾਰਤੀ ਚੋਣ ਕਮਿਸ਼ਨ ਨੇ ‘‘ਰਾਸ਼ਟਰੀ ਮੀਡੀਆ ਐਵਾਰਡ-2023’’ (National Media Award 2023) ਲਈ ਮੀਡੀਆ ਕਰਮੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਐਵਾਰਡ ਮੀਡੀਆ ਕਰਮੀਆਂ ਨੂੰ ਸਾਲ 2023 ਦੌਰਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਸਿੱਖਿਅਤ ਕਰਨ ਅਤੇ ਜਾਗਰੂਕ ਕਰਨ ਸਬੰਧੀ ਵਧੀਆ ਮੁਹਿੰਮ ਚਲਾਉਣ ਲਈ ਦਿੱਤੇ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੁੱਲ ਚਾਰ ਐਵਾਰਡ ਦਿੱਤੇ ਜਾਣਗੇ, ਜਿਨ੍ਹਾਂ ਵਿੱਚ-ਇੱਕ ਐਵਾਰਡ ਪ੍ਰਿੰਟ ਮੀਡੀਆ ਲਈ, ਇੱਕ ਇਲੈਕਟ੍ਰਾਨਿਕ (ਟੈਲੀਵਿਜ਼ਨ) ਮੀਡੀਆ, ਇੱਕ ਇਲੈਕਟ੍ਰਾਨਿਕ (ਰੇਡੀਓ) ਮੀਡੀਆ ਅਤੇ ਇੱਕ ਆਨਲਾਈਨ (ਇੰਟਰਨੈਟ)/ਸੋਸ਼ਲ ਮੀਡੀਆ ਨੂੰ ਦਿੱਤਾ ਜਾਵੇਗਾ । ਇਹ ਐਵਾਰਡ ਚੋਣ ਪ੍ਰਕਿਰਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਚੋਣਾਂ ਸੰਬੰਧੀ ਆਈ.ਟੀ. ਐਪਲੀਕੇਸ਼ਨਾਂ, ਵਿਲੱਖਣ/ਦੂਰ–ਦੁਰਾਡੇ ਦੇ ਪੋਲਿੰਗ ਸਟੇਸ਼ਨਾਂ ਬਾਰੇ ਜਾਣਕਾਰੀ ਦੇਣ ਅਤੇ ਆਮ ਲੋਕਾਂ ਵਿੱਚ ਵੋਟਾਂ ਰਜਿਸਟਰ ਕਰਵਾਉਣ ਅਤੇ ਵੋਟਾਂ ਪਾਉਣ ਸਬੰਧੀ ਜਾਗਰੂਕਤਾ ਪੈਦਾ ਕਰਕੇ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮੀਡੀਆ ਹਾਊਸਾਂ ਵੱਲੋਂ ਪਾਏ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਲਈ ਹਨ।

ਉਨ੍ਹਾਂ ਦੱਸਿਆ ਕਿ ਇਹ ਐਵਾਰਡ ਪ੍ਰਸ਼ੰਸਾ ਪੱਤਰ ਅਤੇ ਸੀਟੇਸ਼ਨ ਦੇ ਰੂਪ ਵਿੱਚ ਹੋਣਗੇ ਅਤੇ ਮੀਡੀਆ ਕਰਮੀਆਂ ਨੂੰ ‘ਰਾਸ਼ਟਰੀ ਵੋਟਰ ਦਿਵਸ’- 25 ਜਨਵਰੀ 2024 ਨੂੰ ਦਿੱਤੇ ਜਾਣਗੇ। ਇਸ ਸਬੰਧ ਵਿੱਚ ਐਂਟਰੀਆਂ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰ ਦਿੱਤੀਆਂ ਜਾਣ।

ਬੁਲਾਰੇ ਅਨੁਸਾਰ ਅੰਗਰੇਜ਼ੀ/ਹਿੰਦੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਦਰਜ ਐਂਟਰੀਆਂ ਦੇ ਨਾਲ ਅੰਗਰੇਜ਼ੀ ਅਨੁਵਾਦ ਦੀ ਲੋੜ ਹੋਵੇਗੀ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਬਿਨੈ ਅਸਵੀਕਾਰ ਕੀਤਾ ਜਾ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਸਾਰੀਆਂ ਐਂਟਰੀਆਂ 10 ਦਸੰਬਰ, 2023 ਤੋਂ ਪਹਿਲਾਂ ਅੰਡਰ ਸੈਕਟਰੀ (ਸੰਚਾਰ), ਭਾਰਤੀ ਚੋਣ ਕਮਿਸ਼ਨ, ਨਿਰਵਾਚਨ ਸਦਨ, ਅਸ਼ੋਕਾ ਰੋਡ, ਨਵੀਂ ਦਿੱਲੀ 110001 ’ਤੇ ਪਹੁੰਚ ਜਾਣੀਆਂ ਚਾਹੀਦੀਆਂ ਹਨ। ਇਹ ਈਮੇਲ media-division@eci.gov.in. ’ਤੇ ਵੀ ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਵੈੱਬਸਾਈਟ https://eci.gov.in/ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

Exit mobile version