ਚੰਡੀਗੜ੍ਹ, 19 ਜਨਵਰੀ 2024: ਆਗਾਮੀ ਲੋਕ ਸਭਾ ਚੋਣਾਂ-2024 (Lok Sabha Elections) ਤੋਂ ਪਹਿਲਾਂ ਨਾਗਰਿਕਾਂ ਨੂੰ ਵੋਟਿੰਗ ਪ੍ਰਕਿਰਿਆ ਦਾ ਖਾਸ ਤਜ਼ੁਰਬਾ ਦੇਣ ਅਤੇ ਵੋਟਿੰਗ ਮਸ਼ੀਨਾਂ ਨਾਲ ਜਾਣੂ ਕਰਵਾਉਣ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ (ਵੀ.ਵੀ.ਪੈਟ.) ਬਾਰੇ ਇੱਕ ਦੇਸ਼ ਵਿਆਪੀ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਅਜਿਹਾ ਜਾਗਰੂਕਤਾ ਪ੍ਰੋਗਰਾਮ ਹਰੇਕ ਲੋਕ ਸਭਾ (Lok Sabha Elections) ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਰਵਾਇਆ ਜਾਂਦਾ ਹੈ। ਇਹ ਪ੍ਰੋਗਰਾਮ ਈ.ਵੀ.ਐਮਜ਼. ਅਤੇ ਵੀ.ਵੀ.ਪੈਟਜ਼. ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦੇਣ, ਵੋਟ ਪਾਉਣ ਸਬੰਧੀ ਪੜਾਅ-ਦਰ-ਪੜਾਅ ਪ੍ਰਕਿਰਿਆ ਨੂੰ ਸਮਝਾਉਣ ਅਤੇ ਵੋਟਰਾਂ ਨੂੰ ਵੀ.ਵੀ.ਪੈਟ. ਸਲਿੱਪ ਰਾਹੀਂ ਉਨ੍ਹਾਂ ਦੀਆਂ ਚੋਣਾਂ ਦੀ ਪੁਸ਼ਟੀ ਕਰਨ ਬਾਰੇ ਜਾਗਰੂਕ ਕਰਨ ‘ਤੇ ਕੇਂਦਰਿਤ ਹੁੰਦਾ ਹੈ। ਇਸ ਜ਼ਰੀਏ ਵੋਟਰਾਂ ਨੂੰ ਈਵੀਐਮ ਅਤੇ ਵੀਵੀਪੈਟ ਦੀ ਕਾਰਜਕੁਸ਼ਲਤਾ ਸਮਝ ਆਉਂਦੀ ਹੈ। ਇਸ ਤੋਂ ਇਲਾਵਾ ਇਹ ਪ੍ਰੋਗਰਾਮ ਗਲਤ ਧਾਰਨਾਵਾਂ ਨੂੰ ਦੂਰ ਕਰਨ, ਵੋਟਰਾਂ ਦੇ ਵਿਸ਼ਵਾਸ ਨੂੰ ਵਧਾਉਣ ਅਤੇ ਵੋਟਰਾਂ ਨੂੰ ਵਧੇਰੇ ਜਾਗਰੂਕ ਕਰਨ ਲਈ ਸਹਾਇਕ ਹੈ।
ਉਨ੍ਹਾਂ ਅੱਗੇ ਕਿਹਾ ਕਿ ਪ੍ਰੋਗਰਾਮ ਵਿੱਚ 31 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (5 ਰਾਜਾਂ ਨੂੰ ਛੱਡ ਕੇ ਜਿਨ੍ਹਾਂ ਵਿੱਚ ਹਾਲ ਹੀ ਵਿਚ ਚੋਣਾਂ ਹੋਈਆਂ ਹਨ) ਦੇ 613 ਜ਼ਿਲ੍ਹਿਆਂ ਵਿਚਲੇ 3464 ਵਿਧਾਨ ਸਭਾ ਹਲਕਿਆਂ ਤੱਕ ਪਹੁੰਚ ਅਤੇ ਜਾਗਰੂਕਤਾ ਗਤੀਵਿਧੀਆਂ ਸ਼ਾਮਲ ਹਨ। ਲੋਕਾਂ ਨੂੰ ਈਵੀਐਮ/ਵੀਵੀਪੈਟ ਦੀ ਕਾਰਜਕੁਸ਼ਲਤਾ ਬਾਰੇ ਜਾਣੂ ਕਰਵਾਉਣ ਲਈ 3500 ਤੋਂ ਵੱਧ ਪ੍ਰਦਰਸ਼ਨ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਲਗਭਗ 4250 ਮੋਬਾਈਲ ਵੈਨਾਂ ਚਲਾਈਆਂ ਗਈਆਂ ਹਨ। ਇਸ ਜਾਗਰੂਕਤਾ ਪ੍ਰੋਗਰਾਮ ਦੀ ਪਹੁੰਚ ਨੂੰ ਵਧਾਉਣ ਲਈ ਸੀਈਓਜ਼ ਅਤੇ ਡੀਈਓਜ਼ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਪਡੇਟਸ ਵੀ ਸਾਂਝੇ ਕਰ ਰਹੇ ਹਨ।