ਰੂਸ, 31 ਜੁਲਾਈ 2025: ਰੂਸ ‘ਚ ਲਗਾਤਾਰ ਦੂਜੇ ਦਿਨ ਭੂਚਾਲ ਆਇਆ ਹੈ। ਵੀਰਵਾਰ ਸਵੇਰੇ ਰੂਸ ਦੇ ਪੂਰਬੀ ਖੇਤਰ ‘ਚ ਕੁਰਿਲ ਟਾਪੂਆਂ ‘ਤੇ ਆਏ ਇਸ ਭੂਚਾਲ ਦੀ ਤੀਬਰਤਾ 6.5 ਸੀ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐਨਸੀਐਸ) ਦੇ ਮੁਤਾਬਕ ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 10:57 ਵਜੇ ਦਰਜ ਕੀਤਾ ਗਿਆ। ਇਸਦੀ ਡੂੰਘਾਈ ਸਿਰਫ਼ 10 ਕਿਲੋਮੀਟਰ ਸੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੁਰਿਲ ਟਾਪੂਆਂ ਦੇ ਨੇੜੇ ਸਮੁੰਦਰ ‘ਚ 8.8 ਤੀਬਰਤਾ ਦਾ ਇੱਕ ਵੱਡਾ ਭੂਚਾਲ ਆਇਆ। ਜੋ ਕਿ ਹੁਣ ਤੱਕ ਦਰਜ ਕੀਤੇ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ‘ਚੋਂ ਛੇਵੇਂ ਨੰਬਰ ‘ਤੇ ਹੈ। ਹਾਲਾਂਕਿ, ਭੂਚਾਲ ਕਾਰਨ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
8.8 ਤੀਬਰਤਾ ਦੇ ਭੂਚਾਲ ਤੋਂ ਬਾਅਦ, ਸੁਨਾਮੀ ਦੀਆਂ ਲਹਿਰਾਂ ਰੂਸ, ਜਾਪਾਨ, ਚੀਨ ਅਤੇ ਅਮਰੀਕਾ ਤੱਕ ਪਹੁੰਚੀਆਂ। ਰੂਸ ‘ਚ ਇਹ ਲਹਿਰਾਂ 4 ਮੀਟਰ ਉੱਚੀਆਂ ਸਨ, ਜਦੋਂ ਕਿ ਅਮਰੀਕਾ ‘ਚ ਇਹ 1 ਮੀਟਰ ਤੱਕ ਉੱਚੀਆਂ ਸਨ।
ਜਿਕਰਯੋਗ ਹੈ ਕਿ ਬੀਤੇ ਦਿਨ ਕੁਰਿਲ ‘ਚ 6.3 ਤੀਬਰਤਾ ਦਾ ਭੂਚਾਲ ਆਇਆ ਸੀ। ਇਸਦੇ ਨਾਲ ਹੀ ਭੂਚਾਲ ਤੋਂ ਬਾਅਦ ਕਾਮਚਟਕਾ ‘ਚ ਇੱਕ ਜਵਾਲਾਮੁਖੀ ਵੀ ਫਟ ਗਿਆ। ਭੂਚਾਲ ਤੋਂ ਕੁਝ ਘੰਟਿਆਂ ਬਾਅਦ ਹੀ ਕਾਮਚਟਕਾ ਪ੍ਰਾਇਦੀਪ ‘ਤੇ ਕਲੂਚੇਵਸਕਾਇਆ ਸੋਪਕਾ ਨਾਮ ਦਾ ਇੱਕ ਜਵਾਲਾਮੁਖੀ ਫਟ ਗਿਆ।
ਇਸ ਜਵਾਲਾਮੁਖੀ ‘ਚ ਪਿਛਲੇ ਕੁਝ ਦਿਨਾਂ ਤੋਂ ਗਤੀਵਿਧੀਆਂ ਵਧ ਰਹੀਆਂ ਸਨ। ਰਾਤ ਨੂੰ ਇਸਦੇ ਟੋਏ ‘ਚੋਂ ਰੌਸ਼ਨੀ ਨਿਕਲ ਰਹੀ ਸੀ ਅਤੇ ਦਿਨ ਵੇਲੇ ਇਹ ਧੂੰਆਂ ਦੇਖਿਆ ਗਿਆ | ਬੁੱਧਵਾਰ ਨੂੰ ਲਗਭਗ 3 ਕਿਲੋਮੀਟਰ ਦੀ ਉਚਾਈ ਤੱਕ ਸੁਆਹ ਦਾ ਇੱਕ ਬੱਦਲ ਛਾ ਗਿਆ।
19 ਜੁਲਾਈ ਨੂੰ ਰਸ਼ੀਅਨ ਅਕੈਡਮੀ ਆਫ਼ ਸਾਇੰਸਜ਼ ਦੇ ਇੰਸਟੀਚਿਊਟ ਆਫ਼ ਜਵਾਲਾਮੁਖੀ ਵਿਗਿਆਨ ਨੇ ਇਸ ਜਵਾਲਾਮੁਖੀ ਦੀ ਇੱਕ ਤਸਵੀਰ ਜਾਰੀ ਕੀਤੀ। ਇਸ ‘ਚ ਟੋਏ ਦੇ ਉੱਪਰ ਇੱਕ ਬੱਦਲ ਦਿਖਾਈ ਦਿੱਤਾ, ਜੋ ਹੇਠਾਂ ਤੋਂ ਆਉਣ ਵਾਲੇ ਲਾਵੇ ਦੀ ਰੌਸ਼ਨੀ ਨਾਲ ਚਮਕ ਰਿਹਾ ਸੀ।
Read More: ਜਪਾਨ ‘ਚ ਭੂਚਾਲ ਤੇ ਸੁਨਾਮੀ ਕਾਰਨ ਅਲਰਟ ਜਾਰੀ, ਲੋਕਾਂ ‘ਚ ਮਚੀ ਹਫੜਾ-ਦਫੜੀ