July 7, 2024 2:06 pm
E-challan

ਜਲੰਧਰ ‘ਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੀ ਖੈਰ ਨਹੀਂ, ਪੁਲਿਸ ਨੂੰ ਦਿੱਤੀਆਂ ਈ-ਚਲਾਨ ਮਸ਼ੀਨਾਂ

ਚੰਡੀਗੜ੍ਹ, 02 ਸਤੰਬਰ 2023: ਜਲੰਧਰ ‘ਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਹੁਣ ਵਾਹਨ ਦਾ ਚਲਾਨ ਕੱਟਣ ‘ਤੇ ਹੁਣ ਅਦਾਲਤ ‘ਚ ਨਹੀਂ ਸਗੋਂ ਮੌਕੇ ‘ਤੇ ਹੀ ਆਪਣੀ ਜੇਬ ਢਿੱਲੀ ਕਰਕੇ ਜ਼ੁਰਮਾਨਾ ਭਰਨਾ ਪਵੇਗਾ। ਹੁਣ ਜਲੰਧਰ ਸ਼ਹਿਰ ‘ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਈ-ਚਲਾਨ ਹੋਵੇਗਾ। ਜਿਸ ਤਹਿਤ ਹੁਣ ਪੁਲਿਸ ਚਲਾਨ ਅਦਾਲਤ ਵਿੱਚ ਨਹੀਂ ਭੇਜੇਗੀ, ਸਗੋਂ ਮੌਕੇ ‘ਤੇ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਤੋਂ ਆਨਲਾਈਨ ਜ਼ੁਰਮਾਨਾ (E-challan) ਵਸੂਲ ਕਰੇਗੀ। ਚਲਾਨ ਕੱਟਣ ਤੋਂ ਬਾਅਦ ਮੌਕੇ ‘ਤੇ ਈ-ਪੇਮੈਂਟ ਕਰਨਾ ਹੋਵੇਗਾ।

ਪੰਜਾਬ ਟ੍ਰੈਫਿਕ ਦੇ ਏ.ਡੀ.ਜੀ.ਪੀ.ਏ.ਐਸ. ਰਾਏ ਨੇ ਜਲੰਧਰ ਸ਼ਹਿਰ ਵਿੱਚ ਤਾਇਨਾਤ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ 30 ਈ-ਚਲਾਨ (E-challan) ਜਨਰੇਟ ਕਰਨ ਵਾਲੀਆਂ ਪੌਜ਼ ਮਸ਼ੀਨਾਂ ਅਲਾਟ ਕੀਤੀਆਂ ਹਨ। ਏਡੀਜੀਪੀ ਏਐਸ ਰਾਏ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਸ਼ੀਨਾਂ ਦੀ ਵੰਡ ਤੋਂ ਬਾਅਦ ਇੱਕ ਵਰਚੁਅਲ ਮੀਟਿੰਗ ਵੀ ਕੀਤੀ। ਏਡੀਸੀਪੀ ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਜ਼ੋਨ ਇੰਚਾਰਜ ਟ੍ਰੈਫਿਕ ਸਟਾਫ ਅਤੇ ਟਰੈਫਿਕ ਸਟਾਫ ਦੇ ਸਮੂਹ ਇੰਚਾਰਜਾਂ ਨੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਮਸ਼ੀਨ ਚਲਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਿਖਲਾਈ ਸੈਸ਼ਨ ਵਿੱਚ ਉਨ੍ਹਾਂ ਨੂੰ ਸਹੀ ਢੰਗ ਨਾਲ ਦੱਸਿਆ ਗਿਆ ਕਿ ਮਸ਼ੀਨਾਂ ਰਾਹੀਂ ਆਨਲਾਈਨ ਈ-ਚਲਾਨ ਕਿਵੇਂ ਭਰਿਆ ਜਾਵੇਗਾ ਅਤੇ ਇਸ ਦੀ ਅਦਾਇਗੀ ਕਿਵੇਂ ਕੀਤੀ ਜਾਵੇਗੀ। ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਸ਼ੀਨਾਂ ਦੀ ਵੰਡ ਤੋਂ ਬਾਅਦ ਈ-ਚਾਲਾਨ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਚਲਾਨ ਕੱਟਣ ਲਈ ਅਦਾਲਤ ਵਿੱਚ ਜਾਣ ਦੀ ਬਜਾਏ ਮੌਕੇ ’ਤੇ ਹੀ ਈ-ਪੇਮੈਂਟ ਦੀ ਸਹੂਲਤ ਮਿਲੇਗੀ।

ਏਡੀਸੀਪੀ ਟਰੈਫਿਕ ਜਲੰਧਰ ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਈ-ਚਲਾਨ ਵੀ ਸਮੇਂ ਦੀ ਲੋੜ ਹੈ। ਵਿਭਾਗ ਹਾਈਟੈਕ ਹੋ ਗਿਆ ਹੈ। ਚਲਾਨ ਕਾਪੀਆਂ ਵਿੱਚ ਚਲਾਨ ਕੱਟਣ ਵਿੱਚ ਬਹੁਤ ਸਮਾਂ ਲੱਗਦਾ ਸੀ। ਉਸ ਤੋਂ ਬਾਅਦ ਚਲਾਨ ਆਰਸੀ ਸਮੇਤ ਅਦਾਲਤ ਵਿੱਚ ਭੇਜਣਾ ਪੈਂਦਾ ਹੈ । ਹੁਣ ਈ-ਚਲਾਨ ਨਾਲ ਬਚੇਗਾ ਸਮਾਂ, ਮੌਕੇ ‘ਤੇ ਹੀ ਚਲਾਨ ਦਾ ਭੁਗਤਾਨ ਹੋਵੇਗਾ। ਜੇਕਰ ਕਿਸੇ ਕੋਲ ਮੌਕੇ ‘ਤੇ ਗੂਗਲ ਪੇਅ, ਏਟੀਐਮ ਕਾਰਡ ਆਦਿ ਨਹੀਂ ਹੈ, ਤਾਂ ਮੈਨੂਅਲ ਚਲਾਨ ਕੀਤਾ ਜਾਵੇਗਾ |