ਚੰਡੀਗੜ੍ਹ 10 ਸਤੰਬਰ 2022: ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੂੰ 1947 ਦੀ ਵੰਡ (Partition of 1947) ਵੇਲੇ ਆਪਣੇ ਪਰਿਵਾਰ ਤੋਂ ਵਿਛੜਨ ਤੋਂ 75 ਸਾਲ ਬਾਅਦ ਆਪਣੀ ਮੁਸਲਿਮ ਭੈਣ ਨੂੰ ਮਿਲਣ ‘ਤੇ ਖੁਸ਼ੀ ਦੀ ਹੱਦ ਨਹੀਂ ਰਹੀ | ਇਨ੍ਹਾਂ ਦੋਵਾਂ ਭੈਣ-ਭਰਾ ਦੀ ਮੁਲਾਕਾਤ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਹੋਈ। ਇਸ ਦੌਰਾਨ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਜੱਫੀ ਪਾ ਕੇ ਭੁੱਬਾਂ ਮਾਰ ਰੋਣ ਲੱਗ ਪਏ। ਇਸਦੇ ਨਾਲ ਹੀ ਮੁਲਾਕਾਤ ਸਮੇਂ ਭੈਣ-ਭਰਾਵਾਂ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਦਿ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਖਬਰ ਮੁਤਾਬਕ ਅਮਰਜੀਤ ਸਿੰਘ ਆਪਣੀ ਭੈਣ ਨੂੰ ਮਿਲਣ ਲਈ ਵੀਜ਼ਾ ਲੈ ਕੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚਿਆ। 65 ਸਾਲਾ ਕੁਲਸੂਮ ਆਪਣੇ ਭਰਾ ਸਿੰਘ ਨੂੰ ਦੇਖ ਕੇ ਆਪਣੇ ਜਜ਼ਬਾਤ ‘ਤੇ ਕਾਬੂ ਨਾ ਰੱਖ ਸਕੀ ਅਤੇ ਦੋਵੇਂ ਇਕ-ਦੂਜੇ ਨੂੰ ਜੱਫੀ ਪਾ ਕੇ ਰੋਣ ਲੱਗੇ। ਇਸ ਦੇ ਨਾਲ ਹੀ ਕੁਲਸੂਮ ਪੁੱਤਰ ਸ਼ਹਿਜ਼ਾਦ ਅਹਿਮਦ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਫੈਸਲਾਬਾਦ ਤੋਂ ਕਰਤਾਰਪੁਰ ਆਪਣੇ ਭਰਾ ਨੂੰ ਮਿਲਣ ਪਹੁੰਚੀ ਸੀ।
ਕੁਲਸੂਮ ਨੇ ਕਿਹਾ ਕਿ ਉਸਦੇ ਮਾਤਾ-ਪਿਤਾ 1947 ਵਿੱਚ ਜਲੰਧਰ ਦੇ ਇੱਕ ਉਪਨਗਰ ਤੋਂ ਪਾਕਿਸਤਾਨ ਚਲੇ ਗਏ ਸਨ ਜਦੋਂ ਕਿ ਉਸਦਾ ਭਰਾ ਅਤੇ ਇੱਕ ਭੈਣ ਉੱਥੇ ਰਹਿ ਗਏ ਸਨ। ਕੁਲਸੂਮ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਪੈਦਾ ਹੋਈ ਸੀ ਅਤੇ ਆਪਣੀ ਮਾਂ ਤੋਂ ਭਾਰਤ ਵਿੱਚ ਰਹਿ ਗਏ ਆਪਣੇ ਭਰਾ ਅਤੇ ਭੈਣ ਬਾਰੇ ਸੁਣਦੀ ਸੀ। ਉਸਨੇ ਕਿਹਾ ਕਿ ਉਸਨੂੰ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਭਰਾ ਅਤੇ ਭੈਣ ਨੂੰ ਮਿਲ ਸਕੇਗੀ।