ਚੰਡੀਗੜ੍ਹ 21 ਨਵੰਬਰ 2023: ਭਾਰਤ ਅਤੇ ਪਾਕਿਸਤਾਨ ਦੀ 1947 ਦੀ ਵੰਡ ਵੇਲੇ ਲੱਖਾਂ ਪਰਿਵਾਰ ਆਪਣਿਆਂ ਤੋਂ ਵਿਛੜ ਗਏ | ਅੱਜ ਵੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿਛੜੇ ਪਰਿਵਾਰਾਂ ‘ਚ ਆਪਣਿਆਂ ਨੂੰ ਮਿਲਣ ਦੀ ਦਿਲ ‘ਚ ਤਾਂਘ ਹੈ | ਇਨ੍ਹਾਂ ਪਰਿਵਾਰਾਂ ਦੇ ਅੱਧੇ ਲੋਕ ਭਾਰਤੀ ਅਤੇ ਅੱਧੇ ਪਾਕਿਸਤਾਨੀ ਨਾਗਰਿਕ ਬਣ ਗਏ ਹਨ। ਇਨ੍ਹਾਂ ਨੂੰ ਵਿਛੜਿਆ 75 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਇਹ ਲੋਕ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਤਰਸਦੇ ਹਨ। ਇਨ੍ਹਾਂ ਵਿਛੜੇ ਪਰਿਵਾਰਾਂ ਵਿੱਚ ਇੱਕ ਹਜ਼ਰਾ ਬੀਬੀ ਦੀ ਵੀ ਅਜਿਹੀ ਹੀ ਇੱਛਾ ਸੀ, ਜੋ ਕਿ 1947 ਦੀ ਵੰਡ ਵੇਲੇ ਪਾਕਿਸਤਾਨ ਚਲੀ ਗਈ ਸੀ। ਹਜ਼ਰਾ ਬੀਬੀ ਦੀ ਉਮਰ 105 ਸਾਲ ਦੀ ਹੋ ਚੁੱਕੀ ਹੈ ਅਤੇ ਹੁਣ ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਦੀ ਮੱਦਦ ਨਾਲ ਆਪਣੇ ਪਰਿਵਾਰ ਨੂੰ ਮਿਲਣਾ ਨਸੀਬ ਹੋਇਆ ਹੈ। ਉਸਦਾ ਪਰਿਵਾਰ ਪੰਜਾਬ ਦੇ ਗੁਰਦਾਸਪੁਰ ‘ਚ ਰਹਿੰਦਾ ਹੈ।
ਦੋਵਾਂ ਪਾਸੋਂ ਲਗਭਗ 17 ਮਹੀਨਿਆਂ ਤੋਂ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹੁਣ ਉਨ੍ਹਾਂ ਦਾ ਮੱਕਾ ਵਿਖੇ ਮਿਲਾਪ ਹੋਇਆ ਹੈ। ਪਿਛਲੇ ਵੀਰਵਾਰ (16 ਨਵੰਬਰ) ਹਜ਼ਰਾ ਬੀਬੀ ਨੇ ਮੱਕਾ, ਸਾਊਦੀ ਅਰਬ ਵਿੱਚ ਆਪਣੀ ਭਤੀਜੀ ਹਨੀਫਾ ਨਾਲ ਮੁਲਾਕਾਤ ਕੀਤੀ। ਦੋਵੇਂ ਹੱਜ ਲਈ ਮੱਕਾ ਦੇ ਕਾਬਾ ਗਏ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਹੋਈ। ਹਜ਼ਰਾ ਦੀ ਭੈਣ ਵੰਡ ਵੇਲੇ ਪੰਜਾਬ ਰਹਿ ਗਈ ਸੀ |
ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਦੱਸਿਆ ਕਿ ਹਜ਼ਰਾ ਅਤੇ ਹਨੀਫਾ ਨੇ ਪਿਛਲੇ ਸਾਲ ਜੂਨ ‘ਚ ਪਹਿਲੀ ਵਾਰ ਫੋਨ ‘ਤੇ ਗੱਲ ਕੀਤੀ ਸੀ ਅਤੇ ਫਿਰ ਹਜ਼ਰਾ ਬੀਬੀ ਨੂੰ ਪਤਾ ਲੱਗਾ ਕਿ ਹਨੀਫਾ ਦੀ ਮਾਂ ਅਤੇ ਹਜ਼ਰਾ ਦੀ ਛੋਟੀ ਭੈਣ ਮਜੀਦਾ ਪੂਰੇ ਹੀ ਗਏ ਹਨ । ਇਹ ਸੁਣ ਕੇ ਹਾਜ਼ਰਾ ਬੀਬੀ ਨੂੰ ਬਹੁਤ ਸਦਮਾ ਲੱਗਾ ਅਤੇ ਫਿਰ ਹਨੀਫਾ ਅਤੇ ਹਜ਼ਰਾ ਨੇ ਮਿਲਣ ਬਾਰੇ ਸੋਚਿਆ। ਹਾਲਾਂਕਿ ਦੋਵੇਂ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ। ਅਮਰੀਕਾ ਵਿੱਚ ਰਹਿੰਦੇ ਨਾਸਿਰ ਢਿੱਲੋਂ ਅਤੇ ਪਾਲ ਸਿੰਘ ਗਿੱਲ ਨੇ ਇਨ੍ਹਾਂ ਦੋਵਾਂ ਦੀ ਮੱਕਾ ਜਾਣ ਵਿਚ ਵੀ ਮੱਦਦ ਕੀਤੀ ਅਤੇ ਵਿਛੜਿਆ ਨੂੰ ਮਿਲਾਇਆ | ਇਸ ਦੌਰਾਨ ਹਨੀਫਾ ਅਤੇ ਹਜ਼ਰਾ ਬੀਬੀ ਗਲ਼ੇ ਲੱਗ ਰੋਣ ਲੱਗੀਆਂ | ਇਨ੍ਹਾਂ ਦੋਵਾਂ ਨੂੰ ਦੇਖ ਸਭ ਭਾਵੁਕ ਹੋ ਗਏ
ਨਾਸਿਰ ਢਿੱਲੋਂ ‘ਪੰਜਾਬੀ ਲਹਿਰ’ ਨਾਂ ਦਾ ਯੂ-ਟਿਊਬ ਚੈਨਲ ਚਲਾਉਂਦਾ ਹੈ। ਨਾਸਿਰ ਢਿੱਲੋਂ ਨੇ ਕਾਬਾ ‘ਚ ਹਨੀਫਾ ਅਤੇ ਹਜ਼ਰਾ ਬੀਬੀ ਦੀ ਮੁਲਾਕਾਤ ਦੀ ਵੀਡੀਓ ਬਣਾਈ ਅਤੇ ਇਸ ਮੁਲਾਕਾਤ ਦੀ ਵੀਡੀਓ ਵੀ ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕਰ ਦਿੱਤੀ । ਹਾਜਰਾ ਅਤੇ ਹਨੀਫਾ ਦੇ ਇੰਨੇ ਸਾਲਾਂ ਬਾਅਦ ਮਿਲਣ ‘ਤੇ ਖੁਸ਼ੀ ਦੇ ਹੰਝੂ ਨਹੀਂ ਰੁਕੇ । ਉਨ੍ਹਾਂ ਦੱਸਿਆ ਇਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਵੀ ਮਿਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਨੂੰ ਕਿਸੇ ਕਾਰਨ ਇਸ ਦੀ ਇਜਾਜ਼ਤ ਨਹੀਂ ਮਿਲ ਸਕੀ। ਬਾਅਦ ‘ਚ ਹਨੀਫਾ ਨੇ ਹਾਜਰਾ ਬੀਬੀ ਨੂੰ ਮਿਲਣ ਲਈ ਪਾਕਿਸਤਾਨ ਜਾਣ ਦਾ ਵੀ ਸੋਚਿਆ ਅਤੇ ਵੀਜ਼ਾ ਲਈ ਅਪਲਾਈ ਕੀਤਾ ਪਰ ਉਹ ਅਸਫਲ ਰਹੀ ।
ਨਾਸਿਰ ਢਿੱਲੋਂ ਨੇ ਦੱਸਿਆ ਕਿ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਹਜ਼ਰਾ ਅਤੇ ਹਨੀਫਾ ਦਾ ਪਤਾ ਨਹੀਂ ਲੱਗ ਸਕਿਆ ਤਾਂ ਉਹ ਹਿੰਮਤ ਹਾਰ ਗਏ ਸਨ | ਨਾਸਿਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਹਜ਼ਰਾ ਬੀਬੀ ਦੀ ਵੀਡੀਓ ਅਪਲੋਡ ਕੀਤੀ ਸੀ ਅਤੇ ਉਸ ਰਾਹੀਂ ਉਸ ਨੂੰ ਪਤਾ ਲੱਗਾ ਕਿ ਹਜ਼ਰਾ ਬੀਬੀ ਦਾ ਪਰਿਵਾਰ ਪੰਜਾਬ ਦੇ ਗੁਰਦਾਸਪੁਰ ‘ਚ ਰਹਿੰਦਾ ਹੈ। ਇਸ ਤਰ੍ਹਾਂ ਉਹ ਸੰਪਰਕ ਵਿੱਚ ਆਇਆ ਅਤੇ ਦੋਵਾਂ ਦੀ ਮੁਲਾਕਾਤ ਹੋਈ। 1947 ਦੀ ਵੰਡ ਦੌਰਾਨ ਹਜ਼ਰਾ ਬੀਬੀ ਪਾਕਿਸਤਾਨ ਚਲੀ ਗਈ, ਜਦੋਂ ਕਿ ਉਸਦੀ ਛੋਟੀ ਭੈਣ ਮਜੀਦਾ ਨੇ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ। ਦੋਵੇਂ ਜਣਿਆ ਨੇ ਨਾਸਿਰ ਢਿੱਲੋਂ ਦਾ ਦਿਲ ਦੋ ਧੰਨਵਾਦ ਕੀਤਾ |