ਚੰਡੀਗੜ, 4 ਅਗਸਤ : ਪੰਜਾਬ ਸਰਕਾਰ ਨੂੰ ਇਸ ਸਾਲ ਜੁਲਾਈ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ ’ਤੇ 1533 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ 2020 ਦੌਰਾਨ ਜੁਲਾਈ ਮਹੀਨੇ ਦੌਰਾਨ 1188 ਕਰੋੜ ਰੁਪਏ ਇਕੱਠੇ ਹੋਏ ਸਨ ਜਿਸ ਨਾਲ ਜੀ.ਐਸ.ਟੀ. ਮਾਲੀਏ ਵਿੱਚ 29 ਫੀਸਦੀ ਵਾਧਾ ਹੋਇਆ। ਇਨਾਂ ਵੱਖ-ਵੱਖ ਵਸੂਲੀਆਂ ਵਿੱਚ ਸਟੇਟ ਗੁੱਡਜ਼ ਐਂਡ ਸਰਵਿਸਜ਼ ਟੈਕਸ ਹੈੱਡ, ਸੈਂਟਰਲ ਗੁੱਡਜ਼ ਐਂਡ ਸਰਵਿਸਜ਼ ਟੈਕਸ ਹੈੱਡ, ਇੰਟੀਗ੍ਰੇਟਿਡ ਗੁੱਡਜ਼ ਐਂਡ ਸਰਵਿਸਜ਼ ਟੈਕਸ ਹੈੱਡ ਅਤੇ ਸੈੱਸ ਹੈਡ ਸ਼ਾਮਲ ਹਨ।
ਕਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਵਸਤਾਂ ਅਤੇ ਸੇਵਾਵਾਂ ਕਰ) ਖਪਤ ਆਧਾਰਤ ਟੈਕਸ ਹੋਣ ਨਾਲ ਪੰਜਾਬ ਦਾ ਮਾਲੀਏ ਦਾ ਸਾਧਨ ਹੈ ਅਤੇ ਸੂਬੇ ਦੇ ਹਿੱਸੇ ਆਉਂਦਾ ਹੈ। ਇਹ ਟੈਕਸ ਸਟੇਟ ਗੁੱਡਜ਼ ਐਂਡ ਸਰਵਿਸਜ਼ ਟੈਕਸ ਹੈ ਜੋ ਕੇਂਦਰ ਵੱਲੋਂ ਹਰ ਮਹੀਨੇ ਤਬਦੀਲ ਕੀਤੀ ਇੰਟਰਾ ਸਟੇਟ ਸਪਲਾਈ ’ਤੇ ਨਕਦ ਇਕੱਠਾ ਕੀਤਾ ਜਾਂਦਾ ਹੈ ਜੋ ਇੰਟੀਗ੍ਰੇਟਿਡ ਗੁੱਡਜ਼ ਐਂਡ ਸਰਵਿਸਜ਼ ਟੈਕਸ ਦਾ ਕਰੈਡਿਟ ਹੈ ਅਤੇ ਸਟੇਟ ਗੁੱਡਜ਼ ਐਂਡ ਸਰਵਿਸਜ਼ ਟੈਕਸ ਦਾ ਭੁਗਤਾਨ ਕਰਨ ਲਈ ਵਰਤਿਆ ਜਾਂਦਾ ਹੈ।
ਬੁਲਾਰੇ ਨੇ ਕਿਹਾ ਕਿ ਜੁਲਾਈ 2021 ਦੌਰਾਨ ਇਕੱਤਰ ਕੀਤਾ ਗਿਆ ਜੀ.ਐਸ.ਟੀ. ਮਾਲੀਆ, ਭਾਵ ਸਟੇਟ ਗੁੱਡਜ਼ ਐਂਡ ਸਰਵਿਸਜ਼ ਟੈਕਸ ਨਕਦ ਇਕੱਠਾ ਕੀਤਾ ਗਿਆ ਅਤੇ ਕੇਂਦਰ ਵੱਲੋਂ ਟਰਾਂਸਫਰ ਦੇ ਭੁਗਤਾਨ ਕਰਨ ਲਈ ਵਰਤੀ ਗਿਆ ਇੰਟੀਗ੍ਰੇਟਿਡ ਗੁੱਡਜ਼ ਐਂਡ ਸਰਵਿਸਜ਼ ਟੈਕਸ ਦਾ ਕ੍ਰੈਡਿਟ 1455.85 ਕਰੋੜ ਰੁਪਏ ਹੈ ਜੋ ਕਿ ਜੁਲਾਈ, 2020 ਦੌਰਾਨ 1103.31 ਕਰੋੜ ਰੁਪਏ ਸੀ। ਜੀ.ਐਸ.ਟੀ. ਮਾਲੀਏ ਵਿੱਚ ਜੁਲਾਈ, 2020 ਦੇ ਮੁਕਾਬਲੇ ਜੁਲਾਈ, 2021 ਵਿੱਚ 31.95 ਫੀਸਦੀ ਵਾਧਾ ਹੋਇਆ ਜੋ ਆਰਥਿਕ ਸੁਧਾਰ ਦੀ ਗਤੀ ਵਿੱਚ ਤੇਜ਼ੀ ਨੂੰ ਦਰਸਾਉਂਦਾ ਹੈ।
ਬੁਲਾਰੇ ਨੇ ਕਿਹਾ ਕਿ ਜੁਲਾਈ 2021 ਤੱਕ ਜੀ.ਐਸ.ਟੀ. ਮਾਲੀਆ 85.28 ਫੀਸਦੀ ਹੈ ਜੋ ਬੀਤੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ ਵੱਧ ਹੈ। ਸੂਬੇ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਜਾਅਲੀ ਬਿਲਿੰਗ ਅਤੇ ਗਲਤ ਵਪਾਰ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਕਰ ਵਿਭਾਗ ਪੰਜਾਬ ਵੱਲੋਂ ਕਈ ਸਰੋਤਾਂ ਤੋਂ ਆਧੁਨਿਕ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਅਤੇ ਖਾਸ ਖੇਤਰਾਂ ਵਿੱਚ ਟੈਕਸ ਚੋਰੀ ਦਾ ਅਧਿਐਨ ਕੀਤਾ ਜਾਂਦਾ ਹੈ। ਉਨਾਂ ਅੱਗੇ ਕਿਹਾ ਕਿ ਸੰਪੂਰਨ ਅਤੇ ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਨੇ ਟੈਕਸ ਮਾਲੀਏ ਵਿੱਚ ਵਾਧੇ ਲਈ ਯੋਗਦਾਨ ਪਾਇਆ ਹੈ। ਬੁਲਾਰੇ ਨੇ ਕਿਹਾ ਕਿ ਜੁਲਾਈ 2021 ਦੌਰਾਨ ਵੈਟ ਅਤੇ ਸੀ.ਐਸ.ਟੀ. ਮਾਲੀਆ ਕ੍ਰਮਵਾਰ 692.44 ਕਰੋੜ ਰੁਪਏ ਅਤੇ 28.76 ਕਰੋੜ ਰੁਪਏ ਹੋਇਆ। ਇਸੇ ਤਰਾਂ ਜੂਨ ਮਹੀਨੇ ਦੌਰਾਨ ਵੈਟ ਅਤੇ ਸੀ.ਐਸ.ਟੀ. ਦੇ ਮਾਲੀਏ ਦੀ ਉਗਰਾਹੀ ਜੁਲਾਈ, 2020 ਦੇ ਮੁਕਾਬਲੇ ਕ੍ਰਮਵਾਰ 48.85 ਫੀਸਦੀ ਅਤੇ 62.49 ਫੀਸਦੀ ਵੱਧ ਹੈ। ਇਸੇ ਤਰਾਂ ਜੁਲਾਈ, 2021 ਤੱਕ ਵੈਟ ਅਤੇ ਸੀ.ਐਸ.ਟੀ. ਮਾਲੀਆ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ 88.36 ਫੀਸਦੀ ਅਤੇ 125.51 ਫੀਸਦੀ ਵੱਧ ਹੈ।
ਇਸ ਤੋਂ ਇਲਾਵਾ ਆਟੋਮੋਬਾਈਲ ਰਿਟੇਲ ਵਿੱਚ ਸੁਧਾਰ ਦੇ ਸੰਕੇਤ ਦਿਖ ਰਹੇ ਹਨ। ਰੀਅਲ ਅਸਟੇਟ ਅਤੇ ਨਿਰਮਾਣ ਗਤੀਵਿਧੀਆਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ ਸੀਮੈਂਟ, ਲੋਹਾ ਅਤੇ ਸਟੀਲ ਖੇਤਰ ਵਿਕਾਸ ਵੱਲ ਵੱਧ ਰਿਹਾ ਹੈ। ਕੋਵਿਡ -19 ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸਰਵਿਸਜ਼ ਸੈਕਟਰ ਖਾਸ ਕਰਕੇ ਪ੍ਰਾਹੁਣਚਾਰੀ, ਸੈਰ-ਸਪਾਟਾ ਅਤੇ ਫੂਡ ਖੇਤਰਾਂ ਵਿੱਚ ਵੀ ਕੁੱਝ ਸੁਧਾਰ ਹੋਇਆ ਹੈ।