Aam Aadmi clinics

ਆਮ ਆਦਮੀ ਕਲੀਨਿਕਾਂ ‘ਚ ਪਿਛਲੇ 2 ਸਾਲਾਂ ਦੌਰਾਨ 2 ਕਰੋੜ ਲੋਕਾਂ ਨੇ ਕਰਵਾਇਆ ਮੁਫ਼ਤ ਇਲਾਜ: ਡਾ: ਬਲਬੀਰ ਸਿੰਘ

ਚੰਡੀਗੜ੍ਹ, 10 ਸਤੰਬਰ 2024: ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੱਸਿਆ ਕਿ 15 ਅਗਸਤ, 2022 ਤੋਂ ਹੁਣ ਤੱਕ ਪੰਜਾਬ ‘ਚ 2 ਕਰੋੜ ਤੋਂ ਵੱਧ ਮਰੀਜ਼ਾਂ ਨੇ 842 ਆਮ ਆਦਮੀ ਕਲੀਨਿਕਾਂ (Aam Aadmi clinics) ਤੋਂ ਮੁਫ਼ਤ ਇਲਾਜ ਪ੍ਰਾਪਤ ਕੀਤਾ ਹੈ।ਪੰਜਾਬ ‘ਚ ਇਸ ਵੇਲੇ ਕੁੱਲ 842 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ | ਇਨ੍ਹਾਂ ‘ਚ 312 ਸ਼ਹਿਰੀ ਖੇਤਰਾਂ ‘ਚ ਅਤੇ 530 ਦਿਹਾਤੀ ਖੇਤਰਾਂ ‘ਚ ਹਨ | ਇਨ੍ਹਾਂ ਕਲੀਨਿਕਾਂ ‘ਚ ਮੁਫ਼ਤ ਇਲਾਜ ਤੋਂ ਇਲਾਵਾ 80 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਅਤੇ 38 ਕਿਸਮਾਂ ਦੀ ਮੁਫ਼ਤ ਤਸਖ਼ੀਸੀ ਜਾਂਚ (ਡਾਇਗਨੌਸਟਿਕ ਟੈਸਟ) ਦੀ ਸਹੂਲਤ ਦਿੱਤੀ ਜਾਂਦੀ ਹੈ ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਰੋਜ਼ਾਨਾ ਲਗਭਗ 58,900 ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਸਦਾ ਔਸਤਨ, ਹਰੇਕ ਕਲੀਨਿਕ ‘ਚ ਰੋਜ਼ਾਨਾ 70 ਮਰੀਜ਼ ਆਉਂਦੇ ਹਨ। ਇਹ ਅੰਕੜਾ ਬੜਾ ਮਹੱਤਵਪੂਰਨ ਹੈ ਕਿਉਂਕਿ ਇਹ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਕਲੀਨਿਕਾਂ (Aam Aadmi clinics) ਦੀ ਕੁਸ਼ਲਤਾ ਅਤੇ ਸੁਚੱਜੇ ਪ੍ਰਬੰਧਨ ਨੂੰ ਦਰਸਾਉਂਦਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ “ਕਲੀਨਿਕਾਂ ‘ਚ ਆਉਣ ਵਾਲੇ 2 ਕਰੋੜ ਲੋਕਾਂ ‘ਚੋਂ, 90 ਲੱਖ ਦੀ ਆਮਦ ਨਵੀਂ ਹੈ, ਜਦੋਂ ਕਿ 1.10 ਕਰੋੜ ਲੋਕਾਂ ਨੇ ਦੁਬਾਰਾ ਪਹੁੰਚ ਕੀਤੀ ਹੈ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਸਦਕਾ ਪੰਜਾਬ ਦੇ ਲੋਕਾਂ ਲਈ ਵਿੱਤ ਤੋਂ ਬਾਹਰ ਦੇ ਸਿਹਤ ਸੰਭਾਲ ਖਰਚਿਆਂ ਨੂੰ 1030 ਕਰੋੜ ਰੁਪਏ ਦੀ ਵੱਡੀ ਰਾਸ਼ੀ ਤੱਕ ਘਟਾਉਣ ‘ਚ ਸਫ਼ਲਤਾ ਹਾਸਲ ਹੋਈ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਓ.ਪੀ.ਡੀ. ਦੀਆਂ 55 ਫੀਸਦ ਫੇਰੀਆਂ ਬੀਬੀਆਂ ਦੀਆਂ ਹਨ | ਇਸ ਤੋਂ ਇਲਾਵਾ, 11.20 ਫੀਸਦ ਫੇਰੀਆਂ ਬੱਚਿਆਂ ਅਤੇ ਕਿਸ਼ੋਰਾਂ (0-12 ਉਮਰ ਵਰਗ) ਦੀਆਂ ਹਨ, ਜਦੋਂ ਕਿ ਮਹੱਤਵਪੂਰਨ 68.86 ਫੀਸਦ ਬਾਲਗਾਂ (13-60 ਉਮਰ ਵਰਗ) ਦੀਆਂ ਹਨ। ਇਸਦੇ ਨਾਲ ਹੀ 19.94 ਫੀਸਦ ਸਿਹਤ ਸਬੰਧੀ ਫੇਰੀਆਂ ਸੀਨੀਅਰ ਨਾਗਰਿਕਾਂ (60 ਤੋਂ ਵੱਧ) ਵੱਲੋਂ ਕੀਤੀਆਂ ਜਾਂਦੀਆਂ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਮੁੱਢਲੀਆਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਵੱਧ ਹੈ |

Scroll to Top