ਫਤਿਹਗੜ੍ਹ ਸਾਹਿਬ,13 ਅਪ੍ਰੈਲ 2023: ਕੋਰੋਨਾ (Corona) ਕਾਲ ਦੇ ਉਸ ਕਾਲੇ ਦੌਰ ਨੂੰ ਮਜ਼ਬੂਰ ਅਤੇ ਬੇਵੱਸ ਲੋਕਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ | ਇਸ ਲਈ ਉਸ ਭਿਆਨਕ ਸਥਿਤੀ ਨੂੰ ਭੁੱਲਿਆ ਨਹੀਂ ਜਾ ਸਕਦਾ ਹੈ | ਜਿਨ੍ਹਾਂ ਨੇ ਘਰਾਂ ਵਿੱਚ ਕਈ-ਕਈ ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਸੀ।ਅੱਜ ਗੱਲਬਾਤ ਕਰਦੇ ਹਾਂ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਨੇ ਆਪਣੇ ਭੁੱਖੇ ਬੱਚਿਆਂ ਦਾ ਢਿੱਡ ਭਰਨ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ, ਕਈ ਜਣਿਆਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਪੁਲਿਸ ਦੇ ਡੰਡੇ ਵੀ ਖਾਧੇ ਅਤੇ ਆਪਣੇ ਉੱਤੇ ਕੇਸ ਵੀ ਪਵਾ ਲਏ |
ਅੱਜ ਉਨ੍ਹਾਂ ਫਤਿਹਗੜ੍ਹ ਸਾਹਿਬ ਦੇ ਵਸਨੀਕ ਗਰੀਬ ਦਿਹਾੜੀਦਾਰ ਲੋਕਾਂ ਨੇ ਮਾਣਯੋਗ ਫਤਿਹਗੜ੍ਹ ਸਾਹਿਬ ਅਦਾਲਤ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਦੇ ਭੁੱਖੇ ਢਿੱਡ ਭਰਨ ਲਈ ਕੀਤੇ ਇਸ ਜ਼ੁਰਮ ਤੋਂ ਹੁਣ ਉਨ੍ਹਾਂ ਨੂੰ ਫਾਰਗ ਕਰ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਦਿਹਾੜੀ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰ ਸਕਣ।
ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੋਰੋਨਾ (Corona) ਦੇ ਕਾਲੇ ਦੌਰ ਦੌਰਾਨ ਆਪਣੇ ਭੁੱਖੇ ਬੱਚਿਆਂ ਦਾ ਢਿੱਡ ਭਰਨਾ ਇਨ੍ਹਾਂ ਲੋਕਾਂ ਨੂੰ ਮਹਿੰਗਾ ਪਿਆ ਹੈ, ਜਦੋਂ ਕਿ ਇਨ੍ਹਾਂ ਵੱਲੋਂ ਕੀਤਾ ਜ਼ੁਰਮ ਬਹੁਤ ਵੱਡਾ ਜੁਰਮ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਮੌਕੇ ਦੀ ਸਰਕਾਰ ਚਾਹੁੰਦੀ ਤਾਂ ਇੱਕ ਸਪੈਸ਼ਲ ਪੈਨਲ ਬਣਾ ਕੇ ਅਜਿਹੇ ਕੇਸਾਂ ਦਾ ਨਿਪਟਾਰਾ ਕਰ ਸਕਦੀ ਸੀ ਤੇ ਇਨਾਂ ਮਜ਼ਬੂਰ ਲੋਕਾਂ ਨੂੰ ਧੱਕੇ ਖਾਣ ਤੋਂ ਬਚਾਅ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਮਾਣਯੋਗ ਅਦਾਲਤ ਫਤਹਿਗੜ੍ਹ ਸਾਹਿਬ ਨੂੰ ਅਪੀਲ ਕਰਨਗੇ ਕਿ ਇਨਾਂ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਵਿੱਚ ਸਪੈਸ਼ਲ ਤੌਰ ਤੇ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਤੇ ਲੋਕਾਂ ਨੂੰ ਬਹੁਤ ਭਰੋਸਾ ਹੈ ਤੇ ਇਹ ਭਰੋਸਾ ਬਰਕਰਾਰ ਰਹੇਗਾ।