football

ਬ੍ਰਾਜ਼ੀਲ-ਅਰਜਨਟੀਨਾ ਫੁੱਟਬਾਲ ਮੈਚ ਦੌਰਾਨ ਆਪਸ ‘ਚ ਭਿੜੇ ਦਰਸ਼ਕ, ਪੁਲਿਸ ਦੇ ਲਾਠੀਚਾਰਜ ਕਰਨ ‘ਤੇ ਮੇਸੀ ਨੇ ਛੱਡਿਆ ਮੈਦਾਨ

ਚੰਡੀਗੜ੍ਹ, 22 ਨਵੰਬਰ 2023: ਰੀਓ ਡੀ ਜਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿੱਚ ਸਥਿਤੀ ਉਦੋਂ ਵਿਗੜ ਗਈ ਜਦੋਂ ਫੁੱਟਬਾਲ (football) ਵਿਸ਼ਵ ਕੱਪ ਕੁਆਲੀਫਾਇਰ ਮੈਚ ਦੌਰਾਨ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਵਿੱਚ ਟਕਰਾਅ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜ਼ੋਰਦਾਰ ਧੱਕਾ-ਮੁੱਕੀ ਵੀ ਹੋਈ ਅਤੇ ਕਈ ਪ੍ਰਸ਼ੰਸਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਬ੍ਰਾਜ਼ੀਲ ਬਨਾਮ ਅਰਜਨਟੀਨਾ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਦੀ ਸ਼ੁਰੂਆਤ ਪ੍ਰਸ਼ੰਸਕਾਂ ਵਿਚਾਲੇ ਝੜੱਪ ਕਾਰਨ 30 ਮਿੰਟ ਦੇਰੀ ਨਾਲ ਸ਼ੁਰੂ ਹੋਈ। ਦੋ ਦੱਖਣੀ ਅਮਰੀਕੀ ਫੁੱਟਬਾਲ ਮਹਾਂਸ਼ਕਤੀਆਂ ਵਿਚਕਾਰ ਬਹੁਤ-ਉਡੀਕ ਬਲਾਕਬਸਟਰ ਟਕਰਾਅ ਸਵੇਰੇ 6 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਣਾ ਸੀ, ਪਰ ਸਟੈਂਡਾਂ ਵਿੱਚ ਗੜਬੜੀ ਦੇ ਬਾਅਦ ਇਸਨੂੰ ਰੋਕ ਦਿੱਤਾ ਗਿਆ।

ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਖਿਡਾਰੀ ਆਪੋ-ਆਪਣੇ ਰਾਸ਼ਟਰੀ ਗੀਤ ਲਈ ਲਾਈਨ ਵਿਚ ਖੜ੍ਹੇ ਸਨ ਜਦੋਂ ਕੈਮਰਾ ਸਟੈਂਡ ‘ਤੇ ਖੜ੍ਹੇ ਦਰਸ਼ਕਾਂ ਵੱਲ ਹੋਇਆ, ਜਿੱਥੇ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਦਾ ਇਕ ਹਿੱਸਾ ਇਕ ਦੂਜੇ ‘ਤੇ ਹਮਲਾ ਕਰਦੇ ਦੇਖਿਆ ਗਿਆ। ਮੈਦਾਨ ‘ਤੇ ਮੌਜੂਦ ਫੁੱਟਬਾਲਰ ਇਸ ਪਰੇਸ਼ਾਨ ਕਰਨ ਵਾਲੇ ਦ੍ਰਿਸ਼ ਨੂੰ ਦੇਖ ਕੇ ਕਾਫੀ ਹੈਰਾਨ ਨਜ਼ਰ ਆਏ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਪਹੁੰਚ ਕੇ ਲਾਠੀਚਾਰਜ ਕੀਤਾ ਪਰ ਇਸ ਨਾਲ ਮਾਮਲਾ ਹੋਰ ਵਿਗੜ ਗਿਆ। ਸਥਾਨਕ ਪੁਲਿਸ ਨੂੰ ਮੈਦਾਨ ਦੇ ਇੱਕ ਸਿਰੇ ‘ਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਨੂੰ ਲਾਠੀਆਂ ਨਾਲ ਕੁੱਟਦੇ ਦੇਖਿਆ ਗਿਆ। ਲਿਓਨੇਲ ਮੇਸੀ ਅਤੇ ਹੋਰ ਅਰਜਨਟੀਨੀ ਖਿਡਾਰੀਆਂ ਨੂੰ ਰੀਓ ਡੀ ਜੇਨੇਰੀਓ ਪੁਲਿਸ ਦਾ ਇਹ ਵਤੀਰਾ ਪਸੰਦ ਨਹੀਂ ਆਇਆ।

ਮੇਸੀ ਨੇ ਮੈਚ ਰੈਫਰੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਉਹ ਮੈਚ ਨਹੀਂ ਖੇਡੇਗਾ ਅਤੇ ਆਪਣੇ ਬਾਕੀ ਸਾਥੀਆਂ ਦੇ ਨਾਲ ਪਿੱਚ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ। ਇਸ ਦੌਰਾਨ ਉਹ ਕਾਫੀ ਦੇਰ ਤੱਕ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਆਪਣੇ ਸਾਥੀ ਖਿਡਾਰੀਆਂ ਨਾਲ ਮੈਦਾਨ ਛੱਡਦੇ ਹੋਏ ਮੇਸੀ ਨੇ ਕਿਹਾ, ‘ਅਸੀਂ ਨਹੀਂ ਖੇਡ ਰਹੇ, ਅਸੀਂ  ਫੁੱਟਬਾਲ (football) ਮੈਦਾਨ ਛੱਡ ਰਹੇ ਹਾਂ। ਹਾਲਾਂਕਿ ਕੁਝ ਦੇਰ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਅਰਜਨਟੀਨਾ ਦੇ ਖਿਡਾਰੀ ਫਿਰ ਮੈਦਾਨ ‘ਤੇ ਆਏ ਅਤੇ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 6:30 ਵਜੇ ਸ਼ੁਰੂ ਹੋਇਆ। ਅਰਜਨਟੀਨਾ ਨੇ ਇਹ ਮੈਚ 1-0 ਨਾਲ ਜਿੱਤ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਦਿੱਤੀ। ਅਰਜਨਟੀਨਾ ਨੇ 63ਵੇਂ ਮਿੰਟ ਵਿੱਚ ਨਿਕੋਲਸ ਓਟਾਮੈਂਡੀ ਦੇ ਹੈਡਰ ਨਾਲ ਲੀਡ ਲੈ ਲਈ।

Scroll to Top