ਚੰਡੀਗੜ੍ਹ, 31 ਜੁਲਾਈ 2023: ਪੰਜਾਬ ਪੁਲਿਸ ਦੇ ਨਾਲ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਵਾਨਾਂ ਨੇ ਸੋਮਵਾਰ ਸਵੇਰੇ ਇਕ ਡਰੋਨ ਜ਼ਬਤ ਕੀਤਾ। ਇਸ ਦੇ ਨਾਲ ਹੀ 21 ਕਰੋੜ ਰੁਪਏ ਦੀ ਹੈਰੋਇਨ Heroin) ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਡਰੋਨ ਅਤੇ ਹੈਰੋਇਨ ਦੀ ਖੇਪ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਤਰਨਤਾਰਨ ਦੇ ਖੇਮਕਰਨ ਸੈਕਟਰ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ।
ਸਵੇਰੇ ਸੂਚਨਾ ਮਿਲੀ ਸੀ ਕਿ ਇਲਾਕੇ ‘ਚ ਡਰੋਨ ਦੀ ਆਵਾਜਾਈ ਦੇਖੀ ਗਈ ਹੈ। ਇਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ। ਦੋਵਾਂ ਟੀਮਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਲਈ। ਇਸ ਦੌਰਾਨ ਜਵਾਨਾਂ ਨੇ ਸਰਹੱਦੀ ਖੇਤਰ ਤੋਂ ਇੱਕ ਹੈਕਸਾਕਾਪਟਰ ਡਰੋਨ ਜ਼ਬਤ ਕੀਤਾ। ਇਸ ਡਰੋਨ ਦੇ ਨਾਲ ਇੱਕ ਪੀਲਾ ਪੈਕੇਟ ਵੀ ਸੀ, ਜਿਸ ਨੂੰ ਖੋਲ੍ਹਣ ‘ਤੇ ਉਸ ਵਿੱਚ ਹੈਰੋਇਨ (Heroin) ਦੀ ਖੇਪ ਬੱਝੀ ਹੋਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਵੱਡੇ ਪੈਕੇਟ ‘ਚ 3 ਛੋਟੇ ਪੈਕੇਟ ਬਰਾਮਦ ਹੋਏ, ਜਦੋਂ ਖੇਪ ਦੇ ਵੱਡੇ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ‘ਚ 3 ਛੋਟੇ ਪੈਕੇਟ ਬਰਾਮਦ ਹੋਏ, ਜਿਨ੍ਹਾਂ ‘ਚ ਨਸ਼ੀਲੇ ਪਦਾਰਥਾਂ ਦਾ ਕੁੱਲ ਵਜ਼ਨ 3 ਕਿਲੋ ਦੱਸਿਆ ਗਿਆ। ਇਸ ਦੇ ਨਾਲ ਹੀ ਇਹ ਹੈਕਸਾਕਾਪਟਰ ਡਰੋਨ ਵੀ ਅਤਿ-ਆਧੁਨਿਕ ਤਕਨੀਕ ਦਾ ਹੈ, ਜਿਸ ਵਿੱਚ 6 ਪ੍ਰੋਪੈਲਰ ਅਤੇ ਡਬਲ ਬੈਟਰੀ ਲਗਾਈ ਗਈ ਹੈ, ਜਿਸ ਨਾਲ ਇਹ ਖੇਪ ਨੂੰ ਲੰਬੀ ਦੂਰੀ ਤੱਕ ਲਿਜਾ ਸਕਦਾ ਹੈ।