Haryana

ਸੂਰਜਮੁਖੀ MSP ਤੇ ਕਿਸਾਨ ਆਗੂ ਦੀ ਰਿਹਾਈ ਨੂੰ ਲੈ ਕੇ ਕਿਸਾਨਾਂ ਵੱਲੋਂ ਹਰਿਆਣਾ ‘ਚ ਹਾਈਵੇਅ ਜਾਮ

ਚੰਡੀਗੜ੍ਹ, 13 ਜੂਨ 2023: ਹਰਿਆਣਾ (Haryana) ‘ਚ ਸੂਰਜਮੁਖੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਕੁਰੂਕਸ਼ੇਤਰ ‘ਚ ਕਿਸਾਨਾਂ ਨੇ ਸੋਮਵਾਰ ਦੁਪਹਿਰ 2 ਵਜੇ ਤੋਂ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਜਾਮ ਲਗਾ ਦਿੱਤਾ ਹੈ। ਇੱਥੇ ਕਿਸਾਨਾਂ ਨੇ ਹਾਈਵੇਅ ’ਤੇ ਹੀ ਰਾਤ ਕੱਟੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਹਰਿਆਣਾ ਸਰਕਾਰ ਨੂੰ ਦਿੱਤੇ 10 ਵਜੇ ਦੇ ਅਲਟੀਮੇਟਮ ਦਾ ਸਮਾਂ ਖ਼ਤਮ ਹੋ ਗਿਆ ਹੈ। ਇਸ ਮਗਰੋਂ ਕਿਸਾਨਾਂ ਨੇ ਹਾਈਵੇਅ ’ਤੇ ਟੈਂਟ ਲਾ ਦਿੱਤੇ ਹਨ। ਕਿਸਾਨਾਂ ਨੇ ਕਿਹਾ ਕਿ ਸੂਰਜਮੁਖੀ ‘ਤੇ MSP ਦਾ ਐਲਾਨ ਕੀਤਾ ਜਾਵੇ ਅਤੇ ਗੁਰਨਾਮ ਚੜੂਨੀ ਸਮੇਤ ਹੋਰ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇ।

ਇਸ ਮੌਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਵੱਡਾ ਪ੍ਰਦਰਸ਼ਨ ਕਰਨਾ ਪਵੇਗਾ। ਧਰਨੇ ਨੂੰ ਲੈ ਕੇ ਚੜੂਨੀ ਦੀ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਚੱਲ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕਰਕੇ ਪੁੱਛਿਆ ਹੈ ਕਿ ਹਰਿਆਣਾ ਵਿੱਚ ਸੂਰਜਮੁਖੀ ਦਾ ਰੇਟ ਸਭ ਤੋਂ ਵੱਧ ਹੈ, ਫਿਰ ਵੀ ਰਾਸ਼ਟਰੀ ਰਾਜਮਾਰਗ ਨੂੰ ਰੋਕਣਾ ਜਾਇਜ਼ ਹੈ?

ਡੀਐਮ ਸ਼ਾਂਤਨੂ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਮਾਰੂ ਹਥਿਆਰ ਜਿਵੇਂ ਕਿ ਲਾਠੀ-ਡੰਡਾ, ਤਲਵਾਰ, ਗੰਡਾਸਾ ਆਦਿ ਲੈ ਕੇ ਜਾਣ, ਪੈਟਰੋਲ-ਡੀਜ਼ਲ ਦੀਆਂ ਬੋਤਲਾਂ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਇਸਦੇ ਨਾਲ ਹੀ ਧਾਰਾ 144 ਲਾਗੂ ਕਰ ਦਿੱਤੀ ਹੈ।”

ਹਰਿਆਣਾ (Haryana) ਸਰਕਾਰ ਦਾ ਕਹਿਣਾ ਹੈ ਕਿ “ਹਰਿਆਣਾ ਵਿੱਚ 38,414 ਏਕੜ ਵਿੱਚ ਸੂਰਜਮੁਖੀ ਦੀ ਫ਼ਸਲ ਹੈ। ਭਾਵੰਤਰ ਯੋਜਨਾ ਤਹਿਤ 8,528 ਕਿਸਾਨਾਂ ਨੂੰ 1000 ਰੁਪਏ ਪ੍ਰਤੀ ਕੁਇੰਟਲ ਦੀ ਅੰਤਰਿਮ ਰਾਹਤ ਰਾਸ਼ੀ ਦਿੱਤੀ ਜਾਂਦੀ ਹੈ। ਹੁਣ ਤੱਕ 29.13 ਕਰੋੜ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਹਰਿਆਣਾ ਵਿੱਚ ਸਰਕਾਰ ਵੱਲੋਂ 4,900 ਰੁਪਏ ਅਤੇ 1,000 ਰੁਪਏ ਦਾ ਬਾਜ਼ਾਰੀ ਭਾਅ ਹੈ, ਭਾਵ ਸੂਰਜਮੁਖੀ ਦਾ ਭਾਅ 5900 ਰੁਪਏ ਪ੍ਰਤੀ ਕੁਇੰਟਲ ਹੈ। ਇਸ ਦੇ ਉਲਟ ਕਰਨਾਟਕ ਵਿੱਚ ਇਹ ਦਰ 4,077, ਪੰਜਾਬ ਵਿੱਚ 4,000, ਤਾਮਿਲਨਾਡੂ ਵਿੱਚ 3,550, ਮਹਾਰਾਸ਼ਟਰ ਵਿੱਚ 3,975 ਅਤੇ ਗੁਜਰਾਤ ਵਿੱਚ 3,975 ਹੈ।

Scroll to Top