July 7, 2024 11:52 am
temperature

ਪੰਜਾਬ ‘ਚ ਮੀਂਹ ਕਾਰਨ ਮੌਸਮ ਦਾ ਬਦਲਿਆ ਮਿਜ਼ਾਜ, ਤਾਪਮਾਨ ‘ਚ ਗਿਰਾਵਟ ਦਰਜ

ਚੰਡੀਗੜ੍ਹ, 11 ਨਵੰਬਰ 2023: ਪੰਜਾਬ ਵਿੱਚ ਧਨਤੇਰਸ ਦੀ ਸਵੇਰ ਮੀਂਹ ਦੇ ਨਾਲ-ਨਾਲ ਪੰਜਾਬ ਵਾਸੀਆਂ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ। ਮੀਂਹ ਕਾਰਨ ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਕਈ ਜ਼ਿਲ੍ਹਿਆਂ ‘ਚ ਮੀਂਹ ਕਾਰਨ ਤਾਪਮਾਨ (temperature) ‘ਚ ਬਦਲਾਅ ਦੇ ਨਾਲ ਹੀ ਹੁਣ ਲੋਕਾਂ ਨੂੰ ਪਰਾਲੀ ਦੇ ਧੂੰਏਂ ਅਤੇ ਬਿਮਾਰੀਆਂ ਤੋਂ ਰਾਹਤ ਮਿਲੇਗੀ। ਜਲੰਧਰ ‘ਚ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਗਰਜ ਨਾਲ ਤੇਜ਼ ਮੀਂਹ ਪਿਆ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ।

ਸੂਬੇ ਭਰ ਵਿੱਚ ਫੈਲੇ ਪਰਾਲੀ ਦੇ ਧੂੰਏਂ ਅਤੇ ਹਵਾ ਪ੍ਰਦੂਸ਼ਣ ਕਾਰਨ ਵਾਇਰਲ ਇਨਫੈਕਸ਼ਨ ਤੋਂ ਪੀੜਤ ਮਰੀਜ਼ਾਂ ਲਈ ਇਹ ਬਾਰਿਸ਼ ਵੱਡੀ ਰਾਹਤ ਸਾਬਤ ਹੋਵੇਗੀ। ਹੋਰ ਜ਼ਿਲ੍ਹਿਆਂ ਜਲਾਲਾਬਾਦ, ਬਰਨਾਲਾ, ਰੋਪੜ, ਕਪੂਰਥਲਾ ਅਤੇ ਅੰਮ੍ਰਿਤਸਰ ਵਿੱਚ ਵੀ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਲੋਕ ਵਾਇਰਲ ਖੰਘ, ਜ਼ੁਕਾਮ ਅਤੇ ਬੁਖਾਰ ਦਾ ਸ਼ਿਕਾਰ ਹੋ ਰਹੇ ਹਨ। ਇਸ ਬਰਸਾਤ ਕਾਰਨ ਡੇਂਗੂ, ਚਿਕਨਗੁਨੀਆ, ਮਲੇਰੀਆ ਅਤੇ ਵਾਇਰਲ ਬਿਮਾਰੀਆਂ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਵਿਭਾਗ ਅਨੁਸਾਰ 48 ਘੰਟਿਆਂ ਬਾਅਦ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ (temperature)  ਵਿੱਚ ਦੋ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਰਾਤ ਨੂੰ ਠੰਢ ਵਧੇਗੀ। ਅਗਲੇ 24 ਘੰਟਿਆਂ ‘ਚ ਤਾਪਮਾਨ ‘ਚ ਬਦਲਾਅ ਦੇਖਣ ਨੂੰ ਮਿਲੇਗਾ।