ਚੰਡੀਗੜ੍ਹ 29 ਨਵੰਬਰ 2022: ਚੀਨ (China) ਦੇ ਕਈ ਸ਼ਹਿਰਾਂ ‘ਚ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਅਜਿਹੇ ਸੰਕੇਤ ਮਿਲੇ ਹਨ ਕਿ ਕਮਿਊਨਿਸਟ ਪਾਰਟੀ ਦੀ ਸਰਕਾਰ ਆਪਣੀ ਕੋਵਿਡ-19 ਕੰਟਰੋਲ ਨੀਤੀ ‘ਚ ਵੱਡੇ ਬਦਲਾਅ ਦਾ ਐਲਾਨ ਕਰਨ ਵਾਲੀ ਹੈ। ਨਵੀਂ ਨੀਤੀ ‘ਚ ਇਨਫੈਕਸ਼ਨ ਦੀ ਰੋਕਥਾਮ ਦੀ ਬਜਾਏ ਸੰਕਰਮਿਤ ਮਰੀਜ਼ਾਂ ਦੇ ਇਲਾਜ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ।
ਵੈੱਬਸਾਈਟ ਏਸ਼ੀਆ ਟਾਈਮਜ਼ ਨੇ ਇਕ ਵਿਸ਼ੇਸ਼ ਰਿਪੋਰਟ ‘ਚ ਦੱਸਿਆ ਹੈ ਕਿ ਮਸ਼ਹੂਰ ਜ਼ੀਰੋ ਕੋਵਿਡ ‘ਚ ਬਦਲਾਅ ‘ਤੇ ਇਕ ਮਹੀਨੇ ਤੋਂ ਵਿਚਾਰ ਕੀਤਾ ਜਾ ਰਿਹਾ ਸੀ। 11 ਨਵੰਬਰ ਨੂੰ ਕੋਵਿਡ ਨਿਯੰਤਰਣ ਲਈ ਨਵੇਂ 20-ਪੁਆਇੰਟ ਉਪਾਵਾਂ ਦੀ ਘੋਸ਼ਣਾ ਕੀਤੀ ਗਈ ਸੀ। ਪਰ ਸਥਾਨਕ ਅਧਿਕਾਰੀਆਂ ਨੇ ਉਸ ਅਨੁਸਾਰ ਆਪਣੇ ਤਰੀਕੇ ਨਹੀਂ ਬਦਲੇ। ਇਸ ਦਾ ਨਤੀਜਾ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਸ ਤੋਂ ਬਾਅਦ, ਜ਼ੀਰੋ ਕੋਵਿਡ ਨੀਤੀ ਵਿੱਚ ਇੱਕ ਠੋਸ ਤਬਦੀਲੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਦੀ ਤਰਜੀਹ ਬਣ ਗਈ ਹੈ।
ਏਸ਼ੀਆ ਟਾਈਮਜ਼ ਦੀ ਖਬਰ ਮੁਤਾਬਕ ਜਨਵਰੀ ਦੀ ਸ਼ੁਰੂਆਤ ਤੋਂ ਕੋਵਿਡ ਕੰਟਰੋਲ ਦੀ ਨੀਤੀ ‘ਚ ਹੋਰ ਢਿੱਲ ਦਿੱਤੀ ਜਾਵੇਗੀ। ਉਸ ਸਮੇਂ ਸਰਕਾਰ ਐਲਾਨ ਕਰੇਗੀ ਕਿ ਮਹਾਂਮਾਰੀ ਖ਼ਤਮ ਹੋ ਗਈ ਹੈ ਅਤੇ ਹੁਣ ਕੋਵਿਡ ਸਿਰਫ਼ ਇੱਕ ਆਮ ਛੂਤ ਵਾਲੀ ਬਿਮਾਰੀ ਵਜੋਂ ਮੌਜੂਦ ਹੈ। ਇਸ ਦੇ ਨਾਲ ਹੀ 20 ਨੁਕਾਤੀ ਨਵੇਂ ਉਪਾਵਾਂ ਨੂੰ ਲਾਗੂ ਕਰਨ ਵਿੱਚ ਢਿੱਲ-ਮੱਠ ਦਿਖਾਉਣ ਵਾਲੇ ਸਥਾਨਕ ਅਤੇ ਰਾਜ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਨਵੇਂ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਉਛਾਲ ਵੀ ਇਕ ਕਾਰਨ ਸੀ, ਜਿਸ ਕਾਰਨ ਅਧਿਕਾਰੀਆਂ ਨੇ 20-ਨੁਕਾਤੀ ਉਪਾਵਾਂ ਅਨੁਸਾਰ ਢਿੱਲ ਨਹੀਂ ਵਰਤੀ।