July 7, 2024 12:46 pm
Morocco

ਮੋਰੱਕੋ ‘ਚ ਆਏ ਭੂਚਾਲ ਕਾਰਨ 296 ਜਣਿਆਂ ਦੀ ਮੌਤ, ਇਤਿਹਾਸਕ ਇਮਾਰਤਾਂ ਨੂੰ ਵੀ ਪੁੱਜਿਆ ਨੁਕਸਾਨ

ਚੰਡੀਗੜ੍ਹ, 09 ਸਤੰਬਰ 2023: ਮੋਰੱਕੋ (Morocco) ਵਿੱਚ ਸ਼ੁੱਕਰਵਾਰ (8 ਸਤੰਬਰ) ਦੇਰ ਰਾਤ ਆਏ ਭੂਚਾਲ ਨੇ ਕਾਫ਼ੀ ਤਬਾਹੀ ਮਚਾਈ ਹੈ | ਭੂਚਾਲ ਕਾਰਨ ਘੱਟੋ-ਘੱਟ 296 ਜਣਿਆਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ । ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਮੁਤਾਬਕ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ‘ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ।

ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਲੋਕ ਡਰ ਗਏ ਅਤੇ ਘਰਾਂ ਤੋਂਬਾਹਰ ਆ ਗਏ । ਭੂਚਾਲ ਕਾਰਨ ਇਤਿਹਾਸਕ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਬਿਜਲੀ ਦੇ ਕੱਟ ਵੀ ਲੱਗ ਗਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਭੂਚਾਲ ਰਾਤ 11:11 ਵਜੇ (2211 GMT) ਮਾਰਾਕੇਸ਼ ਤੋਂ 44 ਮੀਲ (71 ਕਿਲੋਮੀਟਰ) ਦੱਖਣ-ਪੱਛਮ ਵਿਚ 18.5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਰੀਕੀ ਦੇਸ਼ ਮੋਰੋਕੋ (Morocco) ‘ਚ ਆਏ ਜ਼ਬਰਦਸਤ ਭੂਚਾਲ ‘ਤੇ ਦੁੱਖ ਪ੍ਰਗਟ ਕੀਤਾ ਹੈ। ਐਕਸ (ਪਹਿਲਾਂ ਟਵਿੱਟਰ) ‘ਤੇ ਦੁੱਖ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਮੋਰੋਕੋ ‘ਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਬਹੁਤ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਮੋਰੋਕੋ ਦੇ ਲੋਕਾਂ ਦੇ ਨਾਲ ਹਨ। ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿੰਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋ ਜਾਣ ਦੀ ਕਾਮਨਾ ਕੀਤੀ ਹੈ । ਭਾਰਤ ਇਸ ਮੁਸ਼ਕਲ ਸਮੇਂ ਵਿੱਚ ਮੋਰੋਕੋ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।