July 2, 2024 6:53 pm
Cyclone Remal

ਚੱਕਰਵਾਤ ਤੂਫ਼ਾਨ ਕਾਰਨ ਉੱਤਰ-ਪੂਰਬੀ ਸੂਬਿਆਂ ‘ਚ ਹਲਾਤ ਵਿਗੜੇ, ਕਈ ਇਮਾਰਤਾਂ ਹੋਈਆਂ ਢਹਿ-ਢੇਰੀ

ਚੰਡੀਗੜ੍ਹ, 28 ਮਈ 2024: ਚੱਕਰਵਾਤ ਰੇਮਲ (Cyclone Remal) (ਚੱਕਰਵਾਤ ਤੂਫ਼ਾਨ) ਕਾਰਨ ਪੱਛਮੀ ਬੰਗਾਲ ਸਮੇਤ ਲਗਭਗ ਸਾਰੇ ਉੱਤਰ-ਪੂਰਬੀ ਸੂਬੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਭਾਰੀ ਮੀਂਹ ਕਾਰਨ ਇਨ੍ਹਾਂ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਦਰਿਆ ਦਾ ਪਾਣੀ ਵਧਣ ਕਾਰਨ ਸੜਕਾਂ ਰੁੜ੍ਹ ਗਈਆਂ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਈ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਕਾਰਨ ਇਮਾਰਤਾਂ ਢਹਿ ਗਈਆਂ। ਪੱਛਮੀ ਬੰਗਾਲ ਵਿੱਚ ਚੱਕਰਵਾਤੀ ਤੂਫ਼ਾਨ ਰੇਮਲ ਦੇ ਪ੍ਰਭਾਵ ਕਾਰਨ 2,140 ਤੋਂ ਵੱਧ ਦਰੱਖਤ ਉੱਖੜ ਗਏ ਅਤੇ ਲਗਭਗ 1,700 ਬਿਜਲੀ ਦੇ ਖੰਭੇ ਵੀ ਡਿੱਗ ਗਏ।

ਇਸਦੇ ਨਾਲ ਹੀ ਭਾਰੀ ਮੀਂਹ ਕਾਰਨ ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਹਫਲਾਂਗ-ਸਿਲਚਰ ਨੂੰ ਜੋੜਨ ਵਾਲੀ ਸੜਕ ਪਾਣੀ ‘ਚ ਰੁੜ੍ਹ ਗਈ। ਫਿਲਹਾਲ ਹਫਲਾਂਗ-ਸਿਲਚਰ ਸੰਪਰਕ ਸੜਕ ਨੂੰ 1 ਜੂਨ ਲਈ ਬੰਦ ਕਰ ਦਿੱਤਾ ਗਿਆ ਹੈ। ਚੱਕਰਵਾਤੀ ਤੂਫਾਨ (Cyclone Remal) ਰਾਮਲ ਦੇ ਪ੍ਰਭਾਵ ਕਾਰਨ ਸੂਬੇ ‘ਚ ਹੁਣ ਤੱਕ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਜਦਕਿ 17 ਹੋਰ ਜ਼ਖਮੀ ਹਨ।

ਮੌਸਮ ਵਿਭਾਗ ਨੇ ਅਰੁਣਾਚਲ ਪ੍ਰਦੇਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੁੱਖ ਮੰਤਰੀ ਪੇਮਾ ਖਾਂਡੂ ਨੇ ਮੰਗਲਵਾਰ ਨੂੰ ਸੂਬੇ ਦੇ ਲੋਕਾਂ ਨੂੰ ਸਾਰੇ ਸਾਵਧਾਨੀ ਵਾਲੇ ਉਪਾਅ ਕਰਨ ਅਤੇ ਤੂਫਾਨ ਤੋਂ ਪ੍ਰਭਾਵਿਤ ਖੇਤਰਾਂ ਤੋਂ ਬਚਣ ਦੀ ਅਪੀਲ ਕੀਤੀ।

ਮਣੀਪੁਰ ਦੇ ਕਈ ਇਲਾਕੇ ਭਾਰੀ ਮੀਂਹ ਕਾਰਨ ਪਾਣੀ ਵਿਚ ਡੁੱਬ ਗਏ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਪੂਰਬੀ ਇੰਫਾਲ ਜ਼ਿਲੇ ‘ਚ ਪਾਣੀ ਭਰ ਜਾਣ ਕਾਰਨ ਐਂਡਰੋ ਪਾਰਕਿੰਗ, ਚੈੱਕਨ, ਮਹਾਬਲੀ ਅਤੇ ਵਾਂਗਖੇਈ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਫਿਲਹਾਲ ਸੂਬੇ ‘ਚ ਕਿਸੇ ਜਾਨੀ ਜਾਂ ਮੌਤ ਦੀ ਖਬਰ ਨਹੀਂ ਹੈ।