ਧੁੱਸੀ ਬੰਨ੍ਹ

ਅੰਮ੍ਰਿਤਸਰ ‘ਚ ਧੁੱਸੀ ਬੰਨ੍ਹ ਟੁੱਟਣ ਕਾਰਨ ਕਈਂ ਪਿੰਡਾਂ ‘ਚ ਭਰਿਆ ਪਾਣੀ

ਅੰਮ੍ਰਿਤਸਰ , 27 ਅਗਸਤ 2025: Punjab Flood News: ਅੱਜ ਅੰਮ੍ਰਿਤਸਰ ਅਤੇ ਅਜਨਾਲਾ ‘ਚ ਧੁੱਸੀ ਬੰਨ੍ਹ ਟੁੱਟਣ ਕਾਰਨ ਕਈਂ ਪਿੰਡਾਂ ‘ਚ ਪਾਣੀ ਭਰ ਗਿਆ, ਜਿਸ ਕਾਰਨ ਕਈ ਲੋਕ ਆਪਣੇ ਘਰਾਂ ‘ਚ ਫਸ ਗਏ। ਇਸ ਸਮੇਂ ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਰਾਹੀਂ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਵੱਲੋਂ ਛੱਡੇ ਲੱਖਾਂ ਕਿਊਸਿਕ ਪਾਣੀ ਕਾਰਨ, ਅੰਮ੍ਰਿਤਸਰ ਦੇ ਅਜਨਾਲਾ ਕਸਬੇ ਨਾਲ ਲੱਗਦੇ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਕਈ ਥਾਵਾਂ ‘ਤੇ ਟੁੱਟ ਗਿਆ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕੇ ‘ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ।

ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਏਡੀਸੀ ਰੋਹਿਤ ਗੁਪਤਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ | ਇਸਦੇ ਨਾਲ ਹੀ ਐਨਡੀਆਰਐਫ ਦੀਆਂ ਟੀਮਾਂ ਅਤੇ ਬਚਾਅ ਕਾਰਜਾਂ ‘ਚ ਲੱਗੀਆਂ ਟੀਮਾਂ ਦਾ ਹੌਸਲਾ ਵਧਾ ਰਹੇ ਹਨ। ਜਾਣਕਾਰੀ ਅਨੁਸਾਰ, ਮੰਗਲਵਾਰ ਰਾਤ ਨੂੰ ਹੀ ਰਾਵੀ ਦਰਿਆ ‘ਚ ਲਗਭਗ ਚਾਰ ਲੱਖ ਕਿਊਸਿਕ ਪਾਣੀ ਵਹਿ ਰਿਹਾ ਸੀ, ਜੋ ਦੇਰ ਰਾਤ ਹੋਰ ਵਧ ਗਿਆ।

ਧੁੱਸੀ ਬੰਨ੍ਹ ਦੀ ਸਹੀ ਮੁਰੰਮਤ ਨਾ ਹੋਣ ਕਾਰਨ, ਇਹ ਪਾਣੀ ਦੇ ਇੰਨੇ ਤੇਜ਼ ਵਹਾਅ ਨੂੰ ਸਹਿਣ ਨਹੀਂ ਕਰ ਸਕਿਆ ਅਤੇ ਕਈ ਥਾਵਾਂ ‘ਤੇ ਟੁੱਟ ਗਿਆ। ਜਿਸ ਕਾਰਨ ਅਜਨਾਲਾ, ਰਾਮਦਾਸ ਦੇ ਘੋਨੇਵਾਲ ਪਿੰਡ ਦੇ ਆਲੇ-ਦੁਆਲੇ ਦੇ ਲਗਭਗ 15 ਪਿੰਡਾਂ ‘ਚ ਪਾਣੀ ਦਾਖਲ ਹੋ ਗਿਆ। ਬਹੁਤ ਸਾਰੇ ਲੋਕ ਪਹਿਲਾਂ ਹੀ ਚਲੇ ਸਨ ਪਰ ਅਜੇ ਵੀ ਹਰ ਪਿੰਡ ‘ਚ ਲਗਭਗ 4 ਤੋਂ 5 ਪਰਿਵਾਰ ਫਸੇ ਹੋਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਬਚਾ ਰਿਹਾ ਹੈ।

Read More: ਪੰਜਾਬ ਭਰ ‘ਚ ਹੜ੍ਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ: ਬਰਿੰਦਰ ਕੁਮਾਰ ਗੋਇਲ

 

Scroll to Top