July 7, 2024 2:26 pm
Temperature

ਪੰਜਾਬ ‘ਚ ਮੀਂਹ ਨਾ ਪੈਣ ਕਾਰਨ ਤਾਪਮਾਨ ਵਧਣਾ ਸ਼ੁਰੂ, ਪਵੇਗੀ ਅੱਤ ਦੀ ਗਰਮੀ

ਚੰਡੀਗੜ੍ਹ, 09 ਫਰਵਰੀ 2023: ਪੰਜਾਬ ਵਾਸੀਆਂ ਨੂੰ ਇਸ ਵਾਰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ । ਦਰਅਸਲ, ਇਸ ਵਾਰ ਸਰਦੀ ਦੇਰੀ ਨਾਲ ਸ਼ੁਰੂ ਹੋਈ ਸੀ, ਇਸ ਲਈ ਲੱਗਦਾ ਸੀ ਕਿ ਇਹ ਲੰਬੇ ਸਮੇਂ ਤੱਕ ਚੱਲੇਗੀ, ਪਰ ਜਿਸ ਤਰ੍ਹਾਂ ਤਾਪਮਾਨ (Temperature) ਲਗਾਤਾਰ ਉੱਪਰ ਵੱਲ ਜਾ ਰਿਹਾ ਹੈ,ਅਜਿਹਾ ਅਨੁਮਾਨ ਹੈ ਕਿ ਗਰਮੀਆਂ ਵੀ ਜਲਦੀ ਹੀ ਆਉਣਗੀਆਂ। ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਅਨੁਸਾਰ ਪੱਛਮੀ ਹਵਾਵਾਂ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਨਹੀਂ ਚੱਲੀਆਂ ਹਨ। ਅਜਿਹੇ ‘ਚ ਕੋਈ ਖਾਸ ਮੀਂਹ ਨਹੀਂ ਪਿਆ।

ਫਰਵਰੀ ਵਿਚ ਤਾਪਮਾਨ ਵਧਣ ਦਾ ਇਹ ਇਕ ਵੱਡਾ ਕਾਰਨ ਹੈ। ਹਾਲਾਂਕਿ ਇਨ੍ਹਾਂ ਦਿਨਾਂ ‘ਚ ਤਾਪਮਾਨ (Temperature) ਵਧਣਾ ਸ਼ੁਰੂ ਹੋ ਜਾਂਦਾ ਹੈ ਪਰ ਬਾਰਿਸ਼ ਨਾ ਹੋਣ ਅਤੇ ਆਸਮਾਨ ਸਾਫ ਹੋਣ ਕਾਰਨ ਤਾਪਮਾਨ ‘ਚ ਵਾਧਾ ਹੋ ਰਿਹਾ ਹੈ। ਇਸ ਕਾਰਨ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਦਕਿ ਆਉਣ ਵਾਲੇ ਦਿਨਾਂ ‘ਚ ਤਾਪਮਾਨ ਵਧਦਾ ਨਜ਼ਰ ਆ ਰਿਹਾ ਹੈ।

ਬੁੱਧਵਾਰ ਸਵੇਰ ਤੋਂ ਹੀ ਮੌਸਮ ਸਾਫ਼ ਰਿਹਾ ਅਤੇ ਸ਼ਾਮ ਤੱਕ ਧੁੱਪ ਛਾਈ ਰਹੀ। ਹਾਲਾਂਕਿ ਸਵੇਰ ਅਤੇ ਸ਼ਾਮ ਨੂੰ ਠੰਡ ਜਾਰੀ ਹੈ। ਸ਼ਾਮ ਹੁੰਦੇ ਹੀ ਠੰਡੀ ਹਵਾ ਚੱਲ ਰਹੀ ਹੈ, ਜਿਸ ਕਾਰਨ ਮੌਸਮ ਠੰਡਾ ਬਣਿਆ ਹੋਇਆ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।