ਖੰਨਾ , 14 ਮਾਰਚ 2023: ਪੰਜਾਬ ਦੇ ਖੰਨਾ ਤੋਂ ਪੰਜ ਸਾਲ ਦੀ ਬੱਚੀ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਮੁਤਾਬਕ ਭਰਜਾਈ ਨਾਲ ਨਜਾਇਜ਼ ਸਬੰਧਾਂ ਕਾਰਨ ਇਕ ਵਿਅਕਤੀ ਨੇ ਆਪਣੀ ਹੀ ਘਰਵਾਲੀ ਅਤੇ ਬੇਟੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ । ਸਾਜ਼ਿਸ਼ ਤਹਿਤ ਕਥਿਤ ਦੋਸ਼ੀ ਆਪਣੀ ਘਰਵਾਲੀ ਅਤੇ ਧੀ ਨੂੰ ਕੁਝ ਸਮਾਨ ਨਹਿਰ ਵਿੱਚ ਵਹਾਉਣ ਦੇ ਬਹਾਨੇ ਨਹਿਰ ਕਿਨਾਰੇ ਲੈ ਗਿਆ ਅਤੇ ਪਤਨੀ ਨੂੰ ਧੱਕਾ ਦੇ ਦਿੱਤਾ ਪਰ ਪਤਨੀ ਵਾਲ-ਵਾਲ ਬਚ ਗਈ ਅਤੇ ਪੰਜ ਸਾਲ ਦੀ ਬੱਚੀ ਨਹਿਰ ‘ਚ ਰੁੜ੍ਹ ਗਈ। ਮਾਮਲੇ ਦੀ ਜਾਂਚ ਤੋਂ ਬਾਅਦ ਖੰਨਾ ਪੁਲਿਸ ਨੇ ਦੋਸ਼ੀ ਜੀਜਾ ਅਤੇ ਸਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਦਿੱਤੀ ਹੈ ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਘਰਵਾਲੀ ਗੁਰਜੀਤ ਕੌਰ ਡਿਪਰੈਸ਼ਨ ਦੀ ਮਰੀਜ਼ ਸੀ। ਇਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਗੁਰਪ੍ਰੀਤ ਦੇ ਆਪਣੀ ਸਾਲੀ ਨਾਲ ਨਜਾਇਜ਼ ਸਬੰਧ ਸਨ। ਉਨ੍ਹਾਂ ਨੇ ਹੀ ਗੁਰਜੀਤ ਕੌਰ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਉਹ ਆਪਣੀ ਪਤਨੀ ਅਤੇ ਬੱਚੀ ਨੂੰ ਨਾਲ ਲੈ ਕੇ ਸਰਹਿੰਦ ਨਹਿਰ ‘ਤੇ ਕੁਝ ਸਮਾਨ ਨਹਿਰ ਵਿੱਚ ਵਹਾਉਣ ਦੇ ਬਹਾਨੇ ਲੈ ਗਿਆ । ਗੁਰਪ੍ਰੀਤ ਨੇ ਗੁਰਜੀਤ ਕੌਰ ਨੂੰ ਧੱਕਾ ਦੇ ਦਿੱਤਾ ਪਰ ਗੁਰਜੀਤ ਕੌਰ ਵਾਲ-ਵਾਲ ਬਚ ਗਈ ਅਤੇ 5 ਸਾਲਾ ਬੱਚੀ ਸੁਖਮਨਪ੍ਰੀਤ ਕੌਰ ਤੇਜ਼ ਵਹਾਅ ਵਿੱਚ ਵਹਿ ਗਈ |
ਇਸ ਤੋਂ ਪਹਿਲਾਂ ਐਤਵਾਰ ਨੂੰ ਗੁਰਪ੍ਰੀਤ ਸਿੰਘ ਦੇ ਭਰਾ ਗੁਰਚਰਨ ਸਿੰਘ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਭਰਾ ਕਿਸੇ ਤਾਂਤਰਿਕ ਦੇ ਪ੍ਰਭਾਵ ਹੇਠ ਬੱਚੀ ਦਾ ਕਤਲ ਕਰ ਸਕਦਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਗੁਰਪ੍ਰੀਤ ਪਰਿਵਾਰ ਨਾਲ ਵੱਖਰੇ ਮਕਾਨ ਵਿੱਚ ਰਹਿੰਦਾ ਸੀ। ਉਸ ਦੇ ਘਰ ਵਿਚ ਕਲੇਸ਼ ਰਹਿੰਦਾ ਸੀ। ਇਸੇ ਕਾਰਨ ਗੁਰਪ੍ਰੀਤ ਬਾਬਿਆਂ ਕੋਲ ਜਾਂਦਾ ਰਹਿੰਦਾ ਸੀ। ਇੱਕ ਬਾਬਾ ਉਸਦੇ ਘਰ ਆਇਆ ਅਤੇ ਉਸਦੀ ਮਾਂ ਦੀ ਮੌਤ ਦੀ ਭਵਿੱਖਬਾਣੀ ਕੀਤੀ। ਇਸ ਦਾ ਉਪਾਅ ਪੁੱਛਣ ‘ਤੇ ਉਸ ਨੇ ਗੁਰਪ੍ਰੀਤ ਨੂੰ ਆਪਣੀ ਧੀ ਦੀ ਬਲੀ ਦੇਣ ਲਈ ਕਿਹਾ। ਗੁਰਚਰਨ ਸਿੰਘ ਦੇ ਅਨੁਸਾਰ ਇਸੇ ਵਹਿਮ ਕਾਰਨ ਗੁਰਪ੍ਰੀਤ ਸਿੰਘ ਨੇ ਆਪਣੀ ਬੱਚੀ ਨੂੰ ਨਹਿਰ ਵਿੱਚ ਸੁੱਟ ਦਿੱਤਾ |