July 2, 2024 6:51 pm
Himachal Pradesh

ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫਬਾਰੀ ਨਾਲ ਕਈ ਸੜਕਾਂ ਬੰਦ, ਪੀਣ ਵਾਲੇ ਪਾਣੀ ਦਾ ਸੰਕਟ ਵਧਿਆ

ਚੰਡੀਗੜ੍ਹ, 02 ਫਰਵਰੀ 2024: ਹਿਮਾਚਲ ਪ੍ਰਦੇਸ਼ (Himachal Pradesh)  ‘ਚ ਤਿੰਨ ਦਿਨਾਂ ਦੀ ਬਾਰਿਸ਼ ਅਤੇ ਬਰਫਬਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਮੌਸਮ ਖੁੱਲ੍ਹ ਗਿਆ ਪਰ ਮੁਸ਼ਕਿਲਾਂ ਵਧ ਗਈਆਂ ਹਨ। ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਸੂਬੇ ਵਿੱਚ ਚਾਰ ਰਾਸ਼ਟਰੀ ਰਾਜਮਾਰਗਾਂ ਅਤੇ 720 ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 2,243 ਬਿਜਲੀ ਟਰਾਂਸਫਾਰਮਰ ਵੀ ਠੱਪ ਪਏ ਹਨ। ਇਸ ਕਾਰਨ ਕਈ ਇਲਾਕਿਆਂ ‘ਚ ਬਲੈਕਆਊਟ ਹੋ ਗਿਆ ਹੈ।

ਬਰਫਬਾਰੀ ਵਾਲੇ ਇਲਾਕਿਆਂ ‘ਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਬਰਫਬਾਰੀ ਤੋਂ ਬਾਅਦ ਕਈ ਇਲਾਕਿਆਂ ਵਿੱਚ ਪਾਣੀ ਦੀਆਂ ਪਾਈਪਾਂ ਜਾਮ ਹੋਣ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਨਵੇਂ ਸਾਲ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਿਮਲਾ ਸ਼ਹਿਰ ਦੇ ਸਰਕੂਲਰ ਰੋਡ ਸਮੇਤ ਉਪਨਗਰੀ ਸੜਕਾਂ ‘ਤੇ ਬਰਫ ਜਮ੍ਹਾ ਹੋਣ ਕਾਰਨ ਬੱਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ।

ਲੋਕ ਪੈਦਲ ਹੀ ਆਪਣੀ ਮੰਜ਼ਿਲ ‘ਤੇ ਪਹੁੰਚ ਹਨ । ਹਾਲਾਂਕਿ, ਦੁਪਹਿਰ ਤੱਕ, NH-5 ਮਲਿਆਣਾ ਤੋਂ ਢਲੀ, ਛਰਾਬੜਾ, ਕੁਫਰੀ-ਫਾਗੂ ਤੋਂ ਸ਼ਿਲਾਰੂ ਤੱਕ ਬਹਾਲ ਹੋ ਗਿਆ ਸੀ। ਇਸੇ ਤਰ੍ਹਾਂ NH-705 ਨੂੰ ਥੀਓਗ ਤੋਂ ਖੜਾਪੱਥਰ-ਹਟਕੋਟੀ ਤੱਕ ਬਹਾਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਕੁੱਲੂ ਅਤੇ ਕਬਾਇਲੀ ਖੇਤਰ ਲਾਹੌਲ ਵਿੱਚ ਭਾਰੀ ਬਰਫ਼ਬਾਰੀ ਤੋਂ ਬਾਅਦ ਮੁਸ਼ਕਲਾਂ ਵਧ ਗਈਆਂ ਹਨ।

ਲਾਹੌਲ (Himachal Pradesh) ਵਿੱਚ ਪੀਡਬਲਯੂਡੀ ਦੀਆਂ ਸਾਰੀਆਂ 134 ਸੜਕਾਂ ਬੰਦ ਹਨ। ਜਦੋਂਕਿ ਕੁੱਲੂ ਵਿੱਚ ਵੀ ਐਚਆਰਟੀਸੀ ਦੀਆਂ 100 ਤੋਂ ਵੱਧ ਬੱਸਾਂ ਦੇ ਰੂਟ ਪ੍ਰਭਾਵਿਤ ਹਨ। ਅਜਿਹੇ ‘ਚ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਦੇ ਨਾਲ ਹੀ 700 ਦੇ ਕਰੀਬ ਬਿਜਲੀ ਦੇ ਟਰਾਂਸਫਾਰਮਰ ਬੰਦ ਹੋਣ ਕਾਰਨ ਕਈ ਇਲਾਕਿਆਂ ਵਿੱਚ ਬਲੈਕਆਊਟ ਦੀ ਸਥਿਤੀ ਬਣੀ ਹੋਈ ਹੈ।