ਚੰਡੀਗੜ੍ਹ 01 ਨਵੰਬਰ 2022: ਲੁਧਿਆਣਾ ਦੇ ਗਿਆਸਪੁਰਾ (Giaspura) ਵਿੱਚ ਵੈਲਟੇਕ ਗੈਸ ਫੈਕਟਰੀ ਵਿੱਚ ਗੈਸ ਲੀਕ ਹੋਣ ਨਾਲ ਹਾਦਸਾ ਵਾਪਰ ਗਿਆ । ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਵਾਲਵ ਫਟਣ ਕਾਰਨ ਵਾਪਰਿਆ ਹੈ । ਗੈਸ ਲੀਕ ਹੋਣ ਕਾਰਨ ਨਜ਼ਦੀਕੀ ਫੈਕਟਰੀ ਦੇ 5 ਮਜ਼ਦੂਰ ਬੇਹੋਸ਼ ਹੋ ਗਏ। ਬੇਹੋਸ਼ ਮਜ਼ਦੂਰਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਫੈਕਟਰੀ ਵਿੱਚ ਇਹ ਹਾਦਸਾ ਸਵੇਰੇ ਕਰੀਬ 8 ਵਜੇ ਵਾਪਰਿਆ। ਹਾਦਸੇ ਦੇ ਸਮੇਂ ਫੈਕਟਰੀ ਵਿੱਚ ਕੁਝ ਮਜ਼ਦੂਰ ਮੌਜੂਦ ਸਨ, ਜੋ ਵਾਲਵ ਫਟਦੇ ਹੀ ਬਾਹਰ ਆ ਗਏ। ਇਸ ਤੋਂ ਬਾਅਦ ਗੈਸ ਹਵਾ ਵਿੱਚ ਫੈਲ ਗਈ। ਇਸ ਕਾਰਨ ਨਜ਼ਦੀਕੀ ਫੈਕਟਰੀ ਦੇ ਮਜ਼ਦੂਰ ਬੇਹੋਸ਼ ਹੋ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੈਨੇਜਰ ਨੇ ਫੈਕਟਰੀ ਪਹੁੰਚ ਕੇ ਕਿਸੇ ਤਰ੍ਹਾਂ ਲੀਕ ਬੰਦ ਕਰਵਾਈ। ਇਸ ਦੇ ਨਾਲ ਹੀ ਗੈਸ ਲੀਕ ਹੋਣ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ ‘ਤੇ ਮੌਜੂਦ ਹੈ। ਫਿਲਹਾਲ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ।