July 7, 2024 4:10 pm
Ferozepur

ਫਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਦੇ ਹੜ੍ਹ ਕਾਰਨ ਹਲਾਤ ਬੇਹੱਦ ਖ਼ਰਾਬ, ਲੋਕ ਪਿੰਡ ਛੱਡਣ ਲਈ ਮਜ਼ਬੂਰ

ਫਿਰੋਜ਼ਪੁਰ, 31 ਅਗਸਤ, 2023: ਫਿਰੋਜ਼ਪੁਰ (Ferozepur) ਅੰਦਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਹੜ੍ਹ ਕਾਰਨ ਪਿੰਡਾਂ ਦੇ ਹਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਸਰਹੱਦੀ ਪਿੰਡ ਕਾਲੂ ਵਾਲਾ ਹਰ ਪਾਸਿਓਂ ਮੁਸੀਬਤ ਨਾਲ ਘਿਰਿਆ ਹੋਇਆ ਹੈ। ਕਿਉਂਕਿ ਇਸ ਪਿੰਡ ਨੂੰ ਇੱਕ ਪਾਸੇ ਤੋਂ ਪਾਕਿਸਤਾਨ ਲੱਗਦਾ ਹੈ ਅਤੇ ਤਿੰਨ ਪਾਸੇ ਤੋਂ ਸਤਲੁਜ ਦਰਿਆ | ਫਿਰੋਜ਼ਪੁਰ ਕੁਝ ਦਿਨਾਂ ਤੋਂ ਹੜ੍ਹ ਦੀ ਲਪੇਟ ਵਿੱਚ ਹੈ | ਉਦੋਂ ਤੋਂ ਹੀ ਇਸ ਪਿੰਡ ਦੇ ਲੋਕ ਪਾਣੀ ਵਿੱਚ ਵਿੱਚ ਘਿਰੇ ਹੋਏ ਹਨ। ਪਰ ਹੁਣ ਇਹਨਾਂ ਲੋਕਾਂ ਨੂੰ ਪਿੰਡ ਛੱਡਣਾ ਪੈ ਗਿਆ ਹੈ।

ਫਿਰੋਜ਼ਪੁਰ (Ferozepur) ਦੇ ਪਿੰਡ ਕਾਲੂ ਵਾਲਾ ਵਿੱਚ ਸਤਲੁਜ ਦਰਿਆ ਦਾ ਪਾਣੀ ਆਉਣ ਕਾਰਨ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਕਈ ਲੋਕਾਂ ਦੇ ਤਾਂ ਅੱਖਾਂ ਸਾਹਮਣੇ ਘਰ ਢਹਿ ਢੇਰੀ ਹੋ ਗਏ ਹਨ। ਜੋ ਹੁਣ ਆਪਣੇ ਛੋਟੇ-ਛੋਟੇ ਬੱਚਿਆਂ ਸਮੇਤ ਦੂਜੇ ਪਿੰਡ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜ਼ਬੂਰ ਹਨ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਉਹ ਪਾਣੀ ਵਿੱਚ ਘਿਰੇ ਹੋਏ ਹਨ, ਕਿਵੇਂ ਨਾ ਕਿਵੇਂ ਕਰ ਉਹ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਬੈਠ ਗੁਜਾਰਾ ਕਰਦੇ ਰਹੇ ਹਨ।

ਉਨ੍ਹਾਂ ਕਿਹਾ ਪਾਣੀ ਜਿਆਦਾ ਆਉਣ ਕਾਰਨ ਉਨ੍ਹਾਂ ਦੇ ਪਸ਼ੂਆਂ ਲਈ ਚਾਰਾ ਨਹੀਂ ਬਚਿਆ ਅਤੇ ਉਨ੍ਹਾਂ ਦੇ ਮਕਾਨ ਡਿੱਗ ਚੁੱਕੇ ਹਨ। ਬੜੀ ਮੁਸ਼ਕਲ ਨਾਲ ਉਨ੍ਹਾਂ ਆਪਣੇ ਪਸ਼ੂ ਬੇੜੀ ਰਾਹੀਂ ਬਾਹਰ ਕੱਢ ਕੇ ਲਿਆਂਦੇ ਹਨ ਅਤੇ ਹੁਣ ਉਹ ਪਿੰਡ ਦੁਲਚੀ ਕੇ ਦੇ ਖੇਡ ਮੈਦਾਨ ਵਿੱਚ ਖੁਲ੍ਹੇ ਆਸਮਾਨ ਹੇਠ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਇੰਨੀਆਂ ਮੁਸੀਬਤਾਂ ਝੱਲਣ ‘ਤੇ ਵੀ ਹਾਲੇ ਤੱਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਹ ਪਿੰਡ ਦੁਲਚੀ ਕੇ ਦੇ ਲੋਕ ਅਤੇ ਕਾਰ ਸੇਵਾ ਵਾਲੇ ਬਾਬੇ ਜੋ ਉਨ੍ਹਾਂ ਦੇ ਵੀ ਖਾਣ ਲਈ ਰਾਸ਼ਨ ਦੇ ਕੇ ਜਾਂਦੇ ਹਨ, ਉਨ੍ਹਾਂ ਦੇ ਸਹਾਰੇ ਦਿਨ ਕੱਟ ਰਹੇ ਹਨ । ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਲਈ ਪ੍ਰਸ਼ਾਸਨ ਤੋਂ ਮੱਦਦ ਮੰਗੀ ਹੈ ਅਤੇ ਕਿਹਾ ਸਰਕਾਰ ਅਤੇ ਪ੍ਰਸ਼ਾਸਨ ਖਾਲੀ ਥਾਂ ‘ਤੇ ਆਰਜੀ ਸ਼ੈੱਡ ਬਣਾ ਕੇ ਉਨ੍ਹਾਂ ਨੂੰ ਸਿਰ ਢੱਕਣ ਲਈ ਥਾਂ ਹੀ ਬਣਾ ਦਵੇ।