ਚੰਡੀਗੜ੍ਹ, 02 ਜਨਵਰੀ 2024: ਨਵੇਂ ਸਾਲ ਵਾਲੇ ਦਿਨ ਜਾਪਾਨ (Japan) ‘ਚ ਲਗਾਤਾਰ ਭੂਚਾਲ ਦੇ ਝਟਕਿਆਂ ਕਾਰਨ 30 ਜਣਿਆਂ ਦੀ ਮੌਤ ਹੋ ਗਈ। ਭੂਚਾਲ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ‘ਤੇ ਅੱਗ ਵੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਜਾਪਾਨ ਵਿੱਚ ਇੱਕ ਤੋਂ ਬਾਅਦ ਲਗਭਗ 155 ਭੂਚਾਲ ਦੇ ਝਟਕੇ ਲੱਗੇ । ਇਨ੍ਹਾਂ ਝਟਕਿਆਂ ਕਾਰਨ ਹੋਏ ਨੁਕਸਾਨ ਦਾ ਅਜੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਭੂਚਾਲ ਤੋਂ ਬਾਅਦ ਨੁਕਸਾਨੀਆਂ ਗਈਆਂ ਸੜਕਾਂ ਅਤੇ ਮੈਟਰੋ ਸਟੇਸ਼ਨ ਦੀ ਹਾਲਤ ਦਿਖਾਈ ਗਈ ਹੈ।
ਸੋਸ਼ਲ ਮੀਡੀਆ ‘ਤੇ ਜਾਰੀ ਵੀਡੀਓ ‘ਚ ਲੋਕ ਭੂਚਾਲ ਤੋਂ ਬਚਣ ਲਈ ਘਰਾਂ ਤੋਂ ਬਾਹਰ ਭੱਜਦੇ ਹੋਏ ਦਿਖਾਈ ਦਿੱਤੇ । ਸੜਕਾਂ ‘ਤੇ ਤਰੇੜਾਂ ਪੈਣ ਕਾਰਨ ਲੋਕ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਮੈਟਰੋ ਸਟੇਸ਼ਨ ਵੀ ਕੰਬ ਗਿਆ।
ਜਾਪਾਨ (Japan) ਵਿੱਚ ਭੂਚਾਲਾਂ ਦੀ ਤੀਬਰਤਾ ਤਿੰਨ ਤੋਂ ਵੱਧ ਮਾਪੀ ਗਈ ਹੈ। ਦੋ ਝਟਕਿਆਂ ਦੀ ਤੀਬਰਤਾ 7.6 ਅਤੇ 6 ਸੀ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਪੱਛਮੀ ਤੱਟ ‘ਤੇ ਸਥਿਤ ਇਮਾਰਤਾਂ ਢਹਿ ਗਈਆਂ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦਾ ਕਹਿਣਾ ਹੈ ਕਿ ਹੋਨਸ਼ੂ ਦੇ ਮੁੱਖ ਟਾਪੂ ‘ਤੇ ਇਸ਼ਿਕਾਵਾ ਪ੍ਰੀਫੈਕਚਰ ‘ਚ ਆਏ ਭੂਚਾਲ ਦੀ ਤੀਬਰਤਾ 7.5 ਸੀ। ਇਸ ਦੇ ਨਾਲ ਹੀ ਜਾਪਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ਼ਿਕਾਵਾ ਵਿੱਚ ਭੂਚਾਲ ਦੀ ਤੀਬਰਤਾ 7.6 ਸੀ। ਜਾਪਾਨ ਦੀ ਮੌਸਮ ਏਜੰਸੀ ਨੇ 155 ਭੂਚਾਲਾਂ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਜਾਪਾਨੀ ਅਧਿਕਾਰੀਆਂ ਦੇ ਸੰਪਰਕ ‘ਚ ਹੈ ਅਤੇ ਜਾਪਾਨੀ ਲੋਕਾਂ ਨੂੰ ਕੋਈ ਵੀ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਇਸ਼ੀਕਾਵਾ ‘ਚ 200 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। 32,500 ਘਰਾਂ ਵਿੱਚ ਬਿਜਲੀ ਨਹੀਂ ਹੈ।
ਭਾਰਤੀ ਦੂਤਾਵਾਸ ਨੇ ਭੂਚਾਲ ਪੀੜਤਾਂ ਦੀ ਮੱਦਦ ਲਈ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੋਈ ਵੀ ਵਿਅਕਤੀ ਇੱਥੇ ਆ ਕੇ ਮੱਦਦ ਮੰਗ ਸਕਦਾ ਹੈ। ਇਸ ਤੋਂ ਪਹਿਲਾਂ ਦੂਤਾਵਾਸ ਨੇ ਈ-ਮੇਲ ਆਈਡੀ ਅਤੇ ਨੰਬਰ ਵੀ ਜਾਰੀ ਕੀਤੇ ਸਨ। ਇਹ ਹਨ: +81-80-3930-1715, +81-70-1492-0049, +81-80-3214-4734, +81-80-6229-5382, +81-80-3214-4722।