ਚੰਡੀਗੜ੍ਹ, 25 ਨਵੰਬਰ 2023: ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਲੁਧਿਆਣਾ ਦੇ ਖੰਨਾ (Khanna) ‘ਚ ਨੈਸ਼ਨਲ ਹਾਈਵੇ ‘ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ ਲਗਭਗ 25 ਤੋਂ 30 ਵਾਹਨ ਆਪਸ ‘ਚ ਟਕਰਾ ਗਏ। ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ। ਇਸੇ ਦੌਰਾਨ ਲੁਧਿਆਣਾ ਤੋਂ ਅੰਬਾਲਾ ਨੂੰ ਜਾਂਦੇ ਸਮੇਂ ਪਿੰਡ ਦਹੇੜੂ ਨੇੜੇ ਲੁਧਿਆਣਾ ਦੀ ਇੱਕ ਸਕੂਲੀ ਬੱਸ ਪਹਿਲਾਂ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ, ਜੋ ਸ਼ੀਸ਼ੇ ਨਾਲ ਲੱਦਿਆ ਹੋਇਆ ਸੀ। ਪਿੱਛੇ ਆ ਰਹੇ ਵਾਹਨ ਇਨ੍ਹਾਂ ਵਾਹਨਾਂ ਨਾਲ ਟਕਰਾਦੇ ਰਹੇ।
ਲੁਧਿਆਣਾ ਤੋਂ ਸਕੂਲੀ ਬੱਚੇ ਕੁਰੂਕਸ਼ੇਤਰ ਦੇ ਦੌਰੇ ‘ਤੇ ਜਾ ਰਹੇ ਸਨ। ਬੱਸ ਵਿੱਚ 40 ਤੋਂ 50 ਬੱਚੇ ਸਵਾਰ ਸਨ। ਇਹ ਹਾਦਸਾ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਡਰਾਈਵਰ ਨੇ ਬੱਸ ਨੂੰ ਅੱਗੇ ਜਾ ਰਹੀ ਸ਼ੀਸ਼ੇ ਵਾਲੀ ਗੱਡੀ ਵਿੱਚ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਬੱਚੇ ਜ਼ਖਮੀ ਨਹੀਂ ਹੋਏ।
ਜਿਸ ਵਾਹਨ ਨਾਲ ਸਕੂਲ ਬੱਸ ਦੀ ਟੱਕਰ ਹੋਈ ਉਹ ਸ਼ੀਸ਼ੇ ਨਾਲ ਲੱਦੀ ਹੋਈ ਸੀ। ਟੱਕਰ ਤੋਂ ਬਾਅਦ ਸਾਰਾ ਸ਼ੀਸ਼ਾ ਚਕਨਾਚੂਰ ਹੋ ਗਿਆ। ਮਾਲਕ ਅਨੁਸਾਰ ਸ਼ੀਸ਼ੇ ਦੀ ਕੀਮਤ 3 ਤੋਂ 4 ਲੱਖ ਰੁਪਏ ਸੀ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਪੁਲਿਸ (Khanna) ਦੇ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਅਤੇ ਕੋਟ ਪੁਲੀਸ ਚੌਕੀ ਦੇ ਇੰਚਾਰਜ ਜਗਤਾਰ ਸਿੰਘ ਮੌਕੇ ’ਤੇ ਪੁੱਜੇ। ਨੁਕਸਾਨੇ ਵਾਹਨਾਂ ਨੂੰ ਇਕ ਪਾਸੇ ਲਿਜਾ ਕੇ ਆਵਾਜਾਈ ਚਾਲੂ ਕੀਤੀ ਗਈ। ਨਾਲ ਹੀ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।