ਚੰਡੀਗੜ੍ਹ, 14 ਅਗਸਤ, 2023: ਹਿਮਾਚਲ ਪ੍ਰਦੇਸ਼ ‘ਚ ਆਰੇਂਜ ਅਲਰਟ ਦੇ ਵਿਚਕਾਰ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਸੋਲਨ (Solan) ਜ਼ਿਲੇ ਦੇ ਕੰਡਾਘਾਟ ‘ਚ ਐਤਵਾਰ ਦੇਰ ਰਾਤ ਬੱਦਲ ਫਟਣ ਕਾਰਨ ਹੜ੍ਹ ਨਾਲ ਆਏ ਮਲਬੇ ‘ਚ ਦੋ ਘਰ ਅਤੇ ਇਕ ਗਊ ਸ਼ੈੱਡ ਵਹਿ ਗਿਆ। ਬੱਦਲ ਫਟਣ ਦੀ ਇਸ ਘਟਨਾ ‘ਚ ਸੱਤ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲਾਪਤਾ ਹਨ, ਟੀਮ ਨੇ ਪੰਜ ਜਣਿਆਂ ਨੂੰ ਬਚਾ ਲਿਆ ਹੈ। ਇਸ ਤੋਂ ਇਲਾਵਾ ਜ਼ਮੀਨ ਖਿਸਕਣ ਕਾਰਨ ਕਈ ਹਾਈਵੇਅ ਅਤੇ ਸੜਕਾਂ ਬੰਦ ਹੋ ਗਈਆਂ ਹਨ।
ਪੁਲਿਸ ਕੰਟਰੋਲ ਰੂਮ ਸੋਲਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਾਦੌਨ ਡਾਕਖਾਨੇ ’ਤੇ ਬੱਦਲ ਫਟ ਗਿਆ। ਇਸ ਨਾਲ ਦੋ ਘਰ ਅਤੇ ਇੱਕ ਗਊ ਸ਼ੈੱਡ ਰੁੜ੍ਹ ਗਿਆ। ਪਿੰਡ ਜਾਦੌਨ ਵਿੱਚ ਜ਼ਮੀਨ ਖਿਸਕਣ ਕਾਰਨ ਰਤੀ ਰਾਮ ਅਤੇ ਉਸ ਦੇ ਪੁੱਤਰ ਹਰਨਾਮ ਦੇ ਦੋ ਘਰ ਨੁਕਸਾਨੇ ਗਏ। ਇਨ੍ਹਾਂ ਸੱਤ ਮ੍ਰਿਤਕਾਂ ‘ਚ ਚਾਰ ਮਰਦ ਅਤੇ ਤਿੰਨ ਔਰਤਾਂ ਹਨ।
ਇਸਦੇ ਨਾਲ ਹੀ ਤੇਜ਼ ਵਹਾਅ ‘ਚ ਡਰਾਈਵਰ ਵਹਿ ਗਿਆ। ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਤੇਜ਼ ਵਹਾਅ ‘ਚ ਵਾਹਨ ਫਸ ਜਾਣ ਕਾਰਨ ਡਰਾਈਵਰ ਗੱਡੀ ਦੀ ਛੱਤ ‘ਤੇ ਚੜ੍ਹ ਗਿਆ ਸੀ। ਜਿੱਥੋਂ ਤਿਲਕਣ ਤੋਂ ਬਾਅਦ ਉਹ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਲਨ (Solan) ਦੇ ਪਿੰਡ ਜਾਦੋਂ ਵਿੱਚ ਬੱਦਲ ਫਟਣ ਕਾਰਨ ਸੱਤ ਜਣਿਆਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕੀਤਾ, “ਅਸੀਂ ਅਧਿਕਾਰੀਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮੱਦਦ ਅਤੇ ਸਹਾਇਤਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ।