June 24, 2024 5:10 pm
ਸਰਬਜੀਤ ਸਿੰਘ ਕਕਰਾਲਾ

ਹਲਕਾ ਇੰਚਾਰਜ ਬਾਹਰੀ ਹੋਣ ਕਰਕੇ ਅਕਾਲੀ ਵਰਕਰ ਹੋਏ ਲੀਡਰ ਲੈਸ

ਪਾਤੜਾਂ, 27 ਮਈ 2023: ਹਲਕਾ ਸੁਤਰਾਣਾ ਤੋਂ ਸ੍ਰੋਮਣੀ ਅਕਾਲੀ ਦਲ ਦੀਆਂ ਵਿਕਟਾਂ ਰੋਜ਼ਾਨਾ ਡਿੱਗਦੀਆਂ ਜਾ ਰਹੀਆਂ ਹਨ ਕਿਉਕਿ ਟਕਸਾਲੀ ਅਕਾਲੀ ਆਗੂਆਂ ਅਤੇ ਨੌਜਵਾਨ ਵਰਕਰਾਂ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪ ਦਾ ਪੱਲਾ ਫੜਿਆ ਜਾਣਾ ਲਗਾਤਾਰ ਜਾਰੀ ਹੈ,ਇਸ ਤੇ ਗੰਭੀਰ ਚਿੰਤਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਸ੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਜਥੇਦਾਰ ਸਰਬਜੀਤ ਸਿੰਘ ਕਕਰਾਲਾ ਨੇ ਕਿਹਾ ਕਿ ਹਲਕਾ ਇੰਚਾਰਜ ਵੱਲੋਂ ਵਰਕਰਾਂ ਦੀ ਸਾਰ ਨਾ ਲਏ ਜਾਣ ਕਾਰਨ ਮੋਜੁਸ ਹੋਏ ਕੱਟੜ ਅਕਾਲੀ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ,ਜਿਸ ਕਾਰਨ ਪਿੰਡਾਂ ਵਿੱਚੋ ਅਕਾਲੀ ਦਲ ਦਾ ਕਾਡਰ ਖਤਮ ਹੁੰਦਾ ਜਾ ਰਿਹਾ ਹੈ|

ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਹਲਕਾ ਸੁਤਰਾਣਾ ਤੋਂ ਕਿਸੇ ਵਧੀਆ ਵਿਅਕਤੀ ਨੂੰ ਇੰਚਾਰਜ਼ ਲਾਇਆ ਜਾਵੇ, ਜਿਹੜਾ ਪਿੰਡਾਂ ਵਿੱਚ ਵਿਚਰ ਕੇ ਵਰਕਰਾਂ ਦੇ ਕੰਮ ਕਾਜ ਕਰਵਾਏ ਅਤੇ ਹੌਸਲਾ ਅਫ਼ਜ਼ਾਈ ਕਰਕੇ ਅਕਾਲੀ ਕਾਡਰ ਨੂੰ ਮੁੜ ਸੁਰਜੀਤ ਕਰਨ ਲਈ ਮਿਹਨਤ ਕਰੇ| ਉਨਾਂ ਕਿਹਾ ਕਿ ਹੁਣ ਵਾਲਾ ਹਲਕਾ ਇੰਚਾਰਜ ਬਾਹਰੀ ਅਤੇ ਤਾਨਾਸ਼ਾਹ ਹੋਣ ਕਰਕੇ ਹਲਕੇ ਵਿੱਚ ਨਹੀਂ ਵਿਚਰਦਾ,ਜਿਸ ਕਾਰਨ ਵਰਕਰ ਆਗੂ ਹੀਣ ਹੋ ਗਏ ਹਨ,ਉਹ ਆਪਣੇ ਅਤੇ ਲੋਕਾਂ ਦੇ ਕੰਮ ਕਾਜ ਲਈ ਕਿਸੇ ਦੀ ਬਾਂਹ ਫੜਨ ਜੋਗੇ ਨਹੀਂ ਹਨ,ਤਾਂ ਹੀ ਅਕਾਲੀ ਵਰਕਰ ਮਜ਼ਬੂਰਨ ਆਮ ਆਦਮੀ ਪਾਰਟੀ ਵੱਲ ਅਪਣਾ ਰੁਖ਼ ਅਖ਼ਤਿਆਰ ਕਰ ਰਹੇ ਹਨ |

ਜਥੇਦਾਰ ਕਕਰਾਲਾ ਨੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਾਰਟੀ ਪ੍ਰਧਾਨ ਕੋਲ ਮੁੱਦਾ ਉਠਾ ਕੇ ਹਲਕੇ ਦੇ ਲੋਕਾਂ ਦੀ ਮੰਗ ਅਨੁਸਾਰ ਕੋਈ ਨਵਾਂ ਇੰਚਾਰਜ਼ ਨਿਯੁਕਤ ਕਰਕੇ ਵਰਕਰਾਂ ਦੀ ਬਾਂਹ ਫੜਨ ਤਾਂ ਜੋਂ ਅਕਾਲੀ ਵਰਕਰਾਂ ਨੂੰ ਹੋਰਨਾਂ ਪਾਰਟੀਆਂ ਵਿੱਚੋ ਜਾਣ ਤੋਂ ਰੋਕਿਆ ਜਾ ਸਕੇ,ਜੇਕਰ ਪਾਰਟੀ ਨੇ ਫੈਸਲਾ ਲੈਣ ਵਿਚ ਦੇਰੀ ਕੀਤੀ ਤਾਂ ਹਲਕਾ ਸੁਤਰਾਣਾ ਤੋਂ ਵੱਡਾ ਖਮਿਆਜਾ ਅਗਾਮੀ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ|

ਉਨਾਂ ਕਿਹਾ ਕਿ ਨੌਜਵਾਨ ਆਗੂ ਜਗਮੀਤ ਸਿੰਘ ਹਰਿਆਉ ਪਾਰਟੀ ਲੇਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਅਤੇ ਹਰਿਆਉ ਪਰਿਵਾਰ ਹਮੇਸ਼ਾ ਬਾਦਲ ਪਰਿਵਾਰ ਨਾਲ ਖੜਾ ਹੈ ਤੇ ਹੁਣ ਵੀ ਚਟਾਨ ਵਾਂਗ ਖੜਿਆ ਰਹੇਗਾ,ਹਮੇਸ਼ਾ ਸ੍ਰੋਮਣੀ ਅਕਾਲੀ ਦਲ ਮਜ਼ਬੂਤੀ ਲਈ ਹਲਕੇ ਵਿੱਚ ਮਿਹਨਤ ਕਰਦਾ ਰਹੇਗਾ,ਪਾਰਟੀ ਦੀ ਮਜ਼ਬੂਤੀ ਲਈ ਉਨਾਂ ਨੂੰ ਜਿੰਮੇਵਾਰੀ ਦਿੱਤੀ ਜਾਵੇ ਅਤੇ ਨਵਾਂ ਹਲਕਾ ਇੰਚਾਰਜ਼ ਲਾ ਕੇ ਉਸਨੂੰ ਹਲਕੇ ਅੰਦਰ ਲੋਕਾਂ ਦੇ ਦੁੱਖ ਸੁਖ ਵਿਚ ਤੋਰਿਆ ਜਾਵੇ| ਇਸ ਮੌਕੇ ਉਨ੍ਹਾਂ ਨਾਲ ਬਲਕਾਰ ਸਿੰਘ ਅਤੇ ਜੀਤ ਸਿੰਘ ਖੇੜੀ ਮੌਜੂਦ ਸਨ|