ਚੰਡੀਗੜ੍ਹ, 06 ਨਵੰਬਰ 2024: ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ (Drug trafficking) ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ (Amritsar Commissionerate Police) ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈਟਵਰਕ ਦੇ ਖਿਲਾਫ਼ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ |
ਪੁਲਿਸ ਨੂੰ ਇਨ੍ਹਾਂ ਫੜੇ ਗਏ ਵਿਅਕਤੀਆਂ ਕੋਲੋਂ ਇੱਕ ਕਿੱਲੋ ਮੈਥਾਮਫੇਟਾਮਾਈਨ ‘ਆਈਸ’ ਅਤੇ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ | ਇਸ ਕਾਰਵਾਈ ਬਾਰੇ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ‘ਤੇ ਪੋਸਟ ਸਾਂਝੀਂ ਕਰਕੇ ਦਿੱਤੀ ਹੈ |
ਡੀਜੀਪੀ ਯਾਦਵ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ‘ਚੋਂ ਇੱਕ ਕਰਨਦੀਪ ਪਹਿਲਾਂ ਦੁਬਈ ਅਤੇ ਮਾਸਕੋ ‘ਚ ਰਹਿ ਚੁੱਕਾ ਹੈ। ਪੁਲਿਸ ਮੁਤਾਬਕ ਉਸ ਦੇ ਪਾਕਿਸਤਾਨ ਸਥਿਤ ਤਸਕਰਾਂ (Drug trafficking) ਨਾਲ ‘ਚੋਂ ਕਰਨਦੀਪ ਦੀ ਭੂਮਿਕਾ ਅਹਿਮ ਮੰਨੀ ਜਾਂਦੀ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਰਨਦੀਪ ਲੰਮੇ ਸਮੇਂ ਤੋਂ ਵਿਦੇਸ਼ ‘ਚ ਰਹਿ ਰਿਹਾ ਸੀ। ਉਹ ਦੁਬਈ, ਯੂਏਈ ਅਤੇ ਮਾਸਕੋ, ਰੂਸ ‘ਚ ਰਹਿ ਚੁੱਕਾ ਹੈ ਅਤੇ ਪੰਜਾਬ ਆਉਣ ਤੋਂ ਬਾਅਦ ਇਨ੍ਹਾਂ ਤਸਕਰਾਂ ਦੇ ਸੰਪਰਕ ‘ਚ ਆਇਆ |
ਪੁਲਿਸ ਮੁਤਾਬਕ ਕਰਨਦੀਪ ਦੀਆਂ ਗਤੀਵਿਧੀਆਂ ਸ਼ੱਕੀ ਸਨ ਅਤੇ ਉਸ ਦੇ ਨੈੱਟਵਰਕ ਵਿੱਚ ਵਿਦੇਸ਼ੀ ਬਦਮਾਸ਼ ਵੀ ਸ਼ਾਮਲ ਸਨ। ਪੁਲਿਸ ਮੁਤਾਬਕ ਕਰਨਦੀਪ ਵਿਦੇਸ਼ ‘ਚ ਰਹਿੰਦੇ ਬਦਨਾਮ ਬਦਮਾਸ਼ ਗੁਰਦੇਵ ਉਰਫ਼ ਜੈਸਲ ਦੇ ਸੰਪਰਕ ‘ਚ ਵੀ ਸੀ, ਜੋ ਕਿ ਅੰਤਰਰਾਸ਼ਟਰੀ ਪੱਧਰ ‘ਤੇ ਨਸ਼ਿਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੈ।
ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਏਅਰਪੋਰਟ ਥਾਣੇ ‘ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਰਨਦੀਪ ਅਤੇ ਨੈਟਵਰਕ ਦੇ ਹੋਰ ਮੈਂਬਰਾਂ ਦੇ ਪਿਛਲੇ ਸੰਪਰਕਾਂ ਅਤੇ ਤਸਕਰੀ ਦੇ ਹੋਰ ਸੰਬੰਧਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਕਾਰਵਾਈ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਨੈੱਟਵਰਕ ਦੇ ਅਤੀਤ ਅਤੇ ਭਵਿੱਖ ਦੇ ਸੰਭਾਵੀ ਸਬੰਧਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਪੰਜਾਬ ਨੂੰ ਨਸ਼ਿਆਂ ਦੇ ਸੰਕਟ ‘ਚੋਂ ਬਾਹਰ ਕੱਢਿਆ ਜਾ ਸਕੇ।
ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਸ ਤਸਕਰੀ ‘ਚ ਡਰੋਨ ਦੀ ਵਰਤੋਂ ਕੀਤੀ ਗਈ ਹੈ। ਪਾਕਿਸਤਾਨ ਸਥਿਤ ਤਸਕਰ ਡਰੋਨਾਂ ਦੀ ਵਰਤੋਂ ਕਰਕੇ ਸਰਹੱਦ ਪਾਰ ਤੋਂ ਨਸ਼ਿਆਂ ਨੂੰ ਲਿਜਾ ਰਹੇ ਹਨ, ਜੋ ਇੱਕ ਨਵੇਂ ਅਤੇ ਗੰਭੀਰ ਖ਼ਤਰੇ ਦਾ ਸੰਕੇਤ ਹਨ। ਡਰੋਨ ਦੀ ਵਰਤੋਂ ਕਰਕੇ ਨਸ਼ੇ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਪਹੁੰਚਾਏ ਜਾਂਦੇ ਸਨ, ਜਿੱਥੋਂ ਇਹ ਪੂਰੇ ਪੰਜਾਬ ‘ਚ ਫੈਲਦਾ ਸੀ।