July 7, 2024 4:26 pm
ਨਸ਼ੇ

ਲੁਧਿਆਣਾ ‘ਚ ਨਸ਼ੇ ਕਰਦਾ ਪੰਚ ਰੰਗੇ ਹੱਥੀਂ ਕਾਬੂ, ਸਰਪੰਚ ਨੇ ਬੀਡੀਪੀਓ ਨੂੰ ਕਾਰਵਾਈ ਲਈ ਲਿਖਿਆ ਪੱਤਰ

ਚੰਡੀਗੜ੍ਹ, 26 ਅਗਸਤ 2023: ਲੁਧਿਆਣਾ ਦੇ ਫਿਲੌਰ ਨੇੜੇ ਪਿੰਡ ਗੜ੍ਹਾ ਦੇ ਤਤਕਾਲੀ ਪੰਚ ਦੀ ਇੱਕ ਵਿਅਕਤੀ ਨਾਲ ਕਥਿਤ ਚਿੱਟੇ (ਨਸ਼ਾ) ਦਾ ਸੇਵਨ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਪਿੰਡ ਵਿੱਚ ਕਿਸੇ ਖੰਡਰ ਵਿੱਚ ਪੰਚ ਬੈਠਾ ਸੀ। ਇਸੇ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਫੜ ਲਿਆ | ਪੰਚ ਦੀ ਪਛਾਣ ਲੇਖਰਾਜ ਵਜੋਂ ਦੱਸੀ ਜਾ ਰਹੀ ਹੈ। ਉਹ ਆਪਣੇ ਦੋਸਤ ਜਰਨੈਲ ਨਾਲ ਬੈਠਾ ਸੀ। ਇਸ ਦੌਰਾਨ ਪਿੰਡ ਦੇ ਕੁਝ ਵਿਅਕਤੀ ਨੇ ਪੰਚ ਦੀ ਨਸ਼ਾ ਕਰਦੇ ਦੇ ਵੀਡੀਓ ਬਣਾ ਲਈ । ਇਸ ਤੋਂ ਬਾਅਦ ਉਹ ਉੱਥੋਂ ਜਾਣ ਲਈ ਤਰਲੇ ਕਰਨ ਲੱਗਾ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਲਿਆਂ ਨੂੰ ਪੰਚ ‘ਤੇ ਪਹਿਲਾਂ ਵੀ ਸ਼ੱਕ ਸੀ ਕਿ ਉਹ ਚਿੱਟੇ ਦਾ ਸੇਵਨ ਕਰਦਾ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਸ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੜ੍ਹਾ ਦੀ ਮੌਜੂਦਾ ਸਰਪੰਚ ਦਲਬੀਰ ਕੌਰ ਦੇ ਪਤੀ ਬੁੱਧ ਪ੍ਰਕਾਸ਼ ਨੇ ਦੱਸਿਆ ਕਿ ਨਸ਼ੇ ਦਾ ਆਦੀ ਪਿੰਡ ਦਾ ਪੰਚ ਲੇਖਰਾਜ ਹੈ। ਸਰਪੰਚ ਵੱਲੋਂ ਬੀਡੀਪੀਓ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਲੇਖਰਾਜ ਦਾ ਆਈ-ਕਾਰਡ ਅਤੇ ਸਟੈਂਪ ਵਾਪਸ ਲਿਆ ਜਾਵੇ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪੰਚ ਦੀ ਇਸ ਕਾਰਵਾਈ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਲੇਖਰਾਜ ਨੇ ਪੰਚਾਂ ਦੀ ਇੱਜ਼ਤ ਨੂੰ ਢਾਹ ਲਾਈ ਹੈ। ਜਿਸ ਥਾਂ ‘ਤੇ ਉਹ ਚਿੱਟੇ ਦਾ ਸੇਵਨ ਕਰ ਰਹੇ ਸਨ, ਉਸ ਤੋਂ ਕੁਝ ਦੂਰੀ ‘ਤੇ ਐਸ.ਪੀ ਨਾਕਾਬੰਦੀ ਕੀਤੀ ਹੋਈ ਸੀ। ਪਿੰਡ ਵਿੱਚ ਇਸ ਤਰ੍ਹਾਂ ਖੁੱਲ੍ਹੇਆਮ ਚਿੱਟੇ ਦਾ ਸੇਵਨ ਕਰਨਾ ਪੁਲਿਸ ਦੀ ਢਿੱਲੀ ਸੁਰੱਖਿਆ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ।