ਚੰਡੀਗੜ੍ਹ, 29 ਦਸੰਬਰ 2023: ਪੰਜਾਬ ਦੇ ਗੁਰਦਾਸਪੁਰ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਵਿੱਚ ਧਰਮਕੋਟ ਪੱਤਣ ਨੇੜੇ ਬੀਐਸਐਫ ਦੀ ਨੰਗਲੀ ਚੌਕੀ ’ਤੇ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਇੱਕ ਡਰੋਨ (Drone) ਬਰਾਮਦ ਹੋਇਆ ਹੈ। ਬੀਐਸਐਫ ਅਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਡਰੋਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਪਾਕਿਸਤਾਨ ਵੱਲੋਂ ਭੇਜਿਆ ਗਿਆ ਹੋ ਸਕਦਾ ਹੈ।
ਖੇਤ ਮਾਲਕ ਕਿਸਾਨ ਅੰਮ੍ਰਿਤਪਾਲ ਸਿੰਘ ਅਨੁਸਾਰ ਜਦੋਂ ਉਹ ਸਵੇਰੇ ਖੇਤਾਂ ਵਿੱਚ ਆਇਆ ਤਾਂ ਦੇਖਿਆ ਕਿ ਇੱਕ ਡਰੋਨ (Drone) ਉੱਥੇ ਪਿਆ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚ ਕੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਕਬਜ਼ੇ ‘ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ।
ਇਹ ਡਰੋਨ ਕਿੱਥੋਂ ਆਇਆ ਹੈ, ਇਹ ਪਤਾ ਲਗਾਉਣ ਲਈ ਆਲੇ-ਦੁਆਲੇ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਇਸ ਨਾਲ ਨਸ਼ੀਲੇ ਪਦਾਰਥ ਜਾਂ ਹਥਿਆਰ ਤਾਂ ਨਹੀਂ ਭੇਜੇ ਹਨ।