July 5, 2024 1:03 am
Drone attack

ਅਮਰੀਕਾ ਤੋਂ ਭਾਰਤ ਆ ਰਹੇ ਸਮੁੰਦਰੀ ਜਹਾਜ਼ ‘ਤੇ ਡਰੋਨ ਹਮਲਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਚੰਡੀਗੜ੍ਹ, 7 ਫਰਵਰੀ 2024: ਅਦਨ ਦੀ ਖਾੜੀ ‘ਚ ਇੱਕ ਦਿਨ ‘ਚ ਦੋ ਜਹਾਜ਼ਾਂ ਉੱਤੇ ਡਰੋਨ ਹਮਲੇ (Drone attack) ਹੋਏ ਹਨ। ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਬ੍ਰਿਟਿਸ਼ ਮਿਲਟਰੀ ਮੈਰੀਟਾਈਮ ਟਰੇਡ ਆਪਰੇਸ਼ਨ (ਯੂ.ਕੇ.ਐਮ.ਟੀ.ਓ.) ਨੇ ਕਿਹਾ ਕਿ ਹਮਾਸ-ਇਜ਼ਰਾਈਲ ਯੁੱਧ ਤੋਂ ਬਾਅਦ ਹਮਾਸ ਦੇ ਸਮਰਥਨ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਈਰਾਨ ਸਮਰਥਿਤ ਲੜਾਕਿਆਂ ਦੀ ਮੁਹਿੰਮ ਵਿਚ ਇਹ ਤਾਜ਼ਾ ਹਮਲਾ ਹੈ। UKMTO ਨੇ ਕਿਹਾ ਕਿ ਯਮਨ ਦੇ ਦੱਖਣੀ ਬੰਦਰਗਾਹ ਸ਼ਹਿਰ ਅਦਨ ਨੇੜੇ ਮੰਗਲਵਾਰ ਨੂੰ ਜਹਾਜ਼ ‘ਤੇ ਹਮਲਾ ਕੀਤਾ ਗਿਆ। ਸੁਰੱਖਿਆ ਫਰਮ ਐਂਬਰੇ ਨੇ ਇਸ ਦੀ ਪਛਾਣ ਮਾਰਸ਼ਲ ਆਈਲੈਂਡਸ ਦੇ ਝੰਡੇ ਵਾਲੇ ਅਤੇ ਯੂਨਾਨ ਦੀ ਮਲਕੀਅਤ ਵਾਲੇ ਜਹਾਜ਼ ਵਜੋਂ ਕੀਤੀ ਹੈ ਜੋ ਅਮਰੀਕਾ ਤੋਂ ਭਾਰਤ ਆ ਰਿਹਾ ਹੈ।

ਅੰਬਰੇ ਮੁਤਾਬਕ ਜਹਾਜ਼ ਦੇ ਸਟਾਰਬੋਰਡ ਵਾਲੇ ਪਾਸੇ ਤੋਂ 50 ਮੀਟਰ ਦੀ ਦੂਰੀ ‘ਤੇ ਜ਼ਬਰਦਸਤ ਧਮਾਕਾ ਹੋਇਆ। ਹਾਲਾਂਕਿ, ਇਸ ਨਾਲ ਨਾ ਤਾਂ ਜਹਾਜ਼ ਦੇ ਢਾਂਚੇ ਨੂੰ ਕੋਈ ਨੁਕਸਾਨ ਹੋਇਆ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ। ਹਮਲੇ ਤੋਂ ਬਾਅਦ, ਹੂਤੀ ਬਾਗੀਆਂ ਦੇ ਇੱਕ ਫੌਜੀ ਬੁਲਾਰੇ, ਬ੍ਰਿਗੇਡੀਅਰ ਜਨਰਲ ਯਾਹਿਆ ਸਾਰੀ ਨੇ ਦਾਅਵਾ ਕੀਤਾ ਕਿ ਬਾਗੀ ਬਲਾਂ ਨੇ ਲਾਲ ਸਾਗਰ ਵਿੱਚ ਦੋ ਜਹਾਜ਼ਾਂ ਇੱਕ ਅਮਰੀਕੀ ਅਤੇ ਇੱਕ ਬ੍ਰਿਟਿਸ਼ ‘ਤੇ ਹਮਲਾ (Drone attack) ਕੀਤਾ। ਹਾਲਾਂਕਿ ਹੂਤੀਆਂ ਨੇ ਭਾਰਤ ਆ ਰਹੇ ਜਹਾਜ਼ ‘ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਲਾਲ ਸਾਗਰ ‘ਚ ਚੱਲ ਰਹੀਆਂ ਸਮੱਸਿਆਵਾਂ ‘ਤੇ ਚਰਚਾ ਕਰਨ ਲਈ ਵੀਰਵਾਰ ਨੂੰ ਇਕ ਉੱਚ-ਪੱਧਰੀ ਅੰਤਰ-ਮੰਤਰਾਲਾ ਕਮੇਟੀ ਦੀ ਦੁਬਾਰਾ ਬੈਠਕ ਹੋਵੇਗੀ। ਵਿਦੇਸ਼, ਰੱਖਿਆ, ਜਹਾਜ਼ਰਾਨੀ, ਵਿੱਤ ਅਤੇ ਵਣਜ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਇਸ ਵਿੱਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਪੈਨਲ ਨੇ ਇਸ ਮੁੱਦੇ ‘ਤੇ 17 ਜਨਵਰੀ ਨੂੰ ਬੈਠਕ ਕੀਤੀ ਸੀ।