heat wave

ਗਰਮੀ ਤੋਂ ਬਚਣ ਲਈ ਜ਼ਿਆਦਾ ਪਾਣੀ, ਲੱਸੀ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ

ਐਸ.ਏ.ਐਸ.ਨਗਰ 06 ਮਈ 2024: ਜ਼ਿਲ੍ਹਾ ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਅਤੇ ਲੂ (heat wave) ਤੋਂ ਬਚਣ ਦੀ ਸਲਾਹ ਦਿਤੀ ਹੈ। ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਅਤੇ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਭਾਸ਼ ਕੁਮਾਰ ਨੇ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਮੌਸਮ ਆਮ ਤੌਰ ’ਤੇ ਕਾਫ਼ੀ ਗਰਮ ਹੁੰਦਾ ਹੈ, ਇਸ ਲਈ ਗਰਮੀ ਤੋਂ ਬਚਾਅ ਜ਼ਰੂਰੀ ਹੈ। ਸਿਹਤ ਅਧਿਕਾਰੀਆਂ ਨੇ ਆਖਿਆ ਕਿ ਗਰਮੀ ਕਾਰਨ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਸਰੀਰ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ, ਵਿਅਕਤੀ ਨੂੰ ਚੱਕਰ ਆ ਸਕਦੇ ਹਨ, ਬੇਹੋਸ਼ ਹੋ ਕੇ ਡਿੱਗ ਸਕਦਾ ਹੈ।

ਉਨ੍ਹਾਂ ਕਿਹਾ ਕਿ ਗਰਮੀ ਅਤੇ ਲੂ ਦਾ ਅਸਰ ਬਜ਼ੁਰਗਾਂ, ਬੱਚਿਆਂ, ਨਵਜਨਮੇ ਬੱਚਿਆਂ, ਗਰਭਵਤੀ ਬੀਬੀਆਂ, ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ, ਬੇਘਰੇ ਲੋਕਾਂ, ਸੜਕਾਂ-ਫ਼ੁੱਟਪਾਥਾਂ ਕੰਢੇ ਰਹਿਣ ਵਾਲੇ ਲੋਕਾਂ, ਮਾਨਸਿਕ ਜਾਂ ਸਰੀਰਕ ਬੀਮਾਰੀਆਂ ਤੋਂ ਪੀੜਤ ਲੋਕਾਂ ਖ਼ਾਸਕਰ ਦਿਲ ਦੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ, ਮੋਟਾਪੇ ਤੋਂ ਪੀੜਤ ਲੋਕਾਂ, ਖੁੱਲ੍ਹੇ ਵਿਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀਆਂ ਆਦਿ ’ਤੇ ਜ਼ਿਆਦਾ ਹੋ ਸਕਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਅਜਿਹੇ ਵਿਅਕਤੀਆਂ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ ਜਿਸ ਕਾਰਨ ਉਹ ਗਰਮੀ ਤੇ ਲੂੰ ਦੀ ਲਪੇਟ ਵਿਚ ਛੇਤੀ ਆ ਸਕਦੇ ਹਨ।

ਲੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗਰਮੀ ਕਾਰਨ ਪਿੱਤ ਹੋਣਾ ਜਾਂ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਗਰਮੀ (heat wave) ਦੇ ਬਾਵਜੂਦ ਘੱਟ ਪਸੀਨਾ ਆਉਣਾ, ਲਾਲ, ਗਰਮ ਤੇ ਖ਼ੁਸ਼ਕ ਚਮੜੀ, ਪੁਰਾਣੀਆਂ ਬੀਮਾਰੀਆਂ, ਮਾਸਪੇਸ਼ੀਆਂ ਵਿਚ ਕਮਜ਼ੋਰੀ ਆਦਿ ਇਸ ਦੇ ਲੱਛਣ ਹੋ ਸਕਦੇ ਹਨ।
ਗਰਮੀ ਤੋਂ ਬਚਾਅ ਲਈ ਇਹ ਕਰੋ

ਅਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਪਾਣੀ ਜ਼ਿਆਦਾ ਪੀਉ, ਲੱਸੀ, ਨਿੰਬੂ ਪਾਣੀ, ਓ.ਆਰ.ਐਸ. ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ। ਸਰੀਰ ਨੂੰ ਠੰਢਾ ਰੱਖੋ। ਹਲਕੇ ਰੰਗ ਦੇ ਕਪੜੇ ਪਾਉ। ਬਾਹਰ ਜਾਣ ’ਤੇ ਐਨਕ ਲਾਉ ਤੇ ਸਿਰ ਢੱਕ ਕੇ ਰੱਖੋ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ। ਮੌਸਮੀ ਫਲ ਖਾਉ। ਨੰਗੇ ਪੈਰ ਬਾਹਰ ਨਾ ਜਾਉ। ਹਰ ਅੱਧੇ ਘੰਟੇ ਬਾਅਦ ਪਾਣੀ ਪੀਉ। ਧੁੱਪ ਵਿਚ ਜਾਣ ਵੇਲੇ ਪਾਣੀ ਨਾਲ ਲੈ ਕੇ ਜਾਉ।

ਇਹ ਨਾ ਕਰੋ

ਆਮ ਤੌਰ ’ਤੇ ਦੁਪਹਿਰ 12 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤਕ ਬਾਹਰ ਜਾਣ ਤੋਂ ਬਚੋ। ਗਰਮੀ ਦੇ ਸਿਖਰ ਦੇ ਸਮੇਂ ਖਾਣਾ ਬਣਾਉਣ ਤੋਂ ਬਚੋ। ਰਸੋਈ ਦੇ ਖੇਤਰ ਨੂੰ ਹਵਾਦਾਰ ਰੱਖੋ। ਬੱਚਿਆਂ ਤੇ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿਚ ਨਾ ਛੱਡੋ। ਤਿੱਖੀ ਧੁੱਪ ਵਿਚ ਨਾ ਜਾਉ। ਸ਼ਰਾਬ, ਚਾਹ, ਕੌਫ਼ੀ ਆਦਿ ਤੋਂ ਪਰਹੇਜ਼ ਕਰੋ। ਬਾਸੀ ਖਾਣਾ ਨਾ ਖਾਉ। ਜਿੰਨਾ ਹੋ ਸਕੇ, ਸਖ਼ਤ ਸਰੀਰਕ ਸਰਗਰਮੀ ਤੋਂ ਬਚੋ।

Scroll to Top