ਗਰਮੀ ਅਤੇ ਲੂਅ ਤੋਂ ਬਚਣ ਲਈ ਪੀਓ ਵੱਧ ਤੋਂ ਵੱਧ ਤਰਲ ਪਦਾਰਥ

ਗਰਮੀ

ਫਾਜ਼ਿਲਕਾ, 9 ਮਈ 2024: ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰਮੀ ਅਤੇ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗਰਮ ਹਵਾਵਾਂ ਸਾਡੀ ਤ੍ਰੇਹ (ਪਿਆਸ) ਵਧਾਉਣ ਦੇ ਨਾਲ ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀਆਂ ਹਨ ।

ਜ਼ਿਆਦਾ ਗਰਮੀ ਹੋਣ ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ। ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ। ਜਿਸ ਨੂੰ ਲੂਅ ਲੱਗਣਾ ਕਹਿੰਦੇ ਜਾਂ ਫਿਰ ਹੀਟ ਸਟ੍ਰੋਕ ਕਹਿੰਦੇ ਹਨ।

ਉਨ੍ਹਾਂ ਕਿਹਾ ਕਿ ਗਰਮੀ ਜਾਂ ਲੂਅ ਲੱਗਣ ਦੇ ਲੱਛਣ ਜਿਸ ਵਿਚ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਗੱਲ ਸਮਝਣ ਵਿਚ ਮੁਸ਼ਕਲ ਆਉਣੀ, ਚਿੜਚਿੜਾਪਣ, ਜੁਬਾਨ ਦਾ ਲੜਖੜਾਉਣਾ, ਤੁਰਨ ਸਮੇਂ ਲੜਖੜਾਉਣਾ, ਦੌਰਾ ਪੈਣਾ ਆਦਿ, ਬੇਚੈਨੀ ਅਤੇ ਘਬਰਾਹਟ , ਹਲਕਾ ਜਾਂ ਤੇਜ਼ ਬੁਖਾਰ, ਜੀਅ ਖਰਾਬ ਹੋਣਾ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿਚ ਤੇਜ਼ ਦਰਦ ਅਤੇ ਉਲਟੀਆਂ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਗਰਮੀ ਕਰਕੇ ਪਿੱਤ ਦਾ ਹੋਣਾ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਮਾਸ਼ ਪੇਸ਼ੀਆਂ ਵਿੱਚ ਦਰਦ, ਲਾਲ, ਗਰਮ ਅਤੇ ਖੁਸ਼ਕ ਚਮੜੀ ਆਦਿ ਹਨ। ਲੂ ਲੱਗਣ ਵਿੱਚ ਮਰੀਜ਼ ਨੂੰ ਪਸੀਨਾ ਆਉਂਦੇ ਰਹਿਣਾ ਇੱਕ ਵਧੀਆ ਲੱਛਣ ਹੈ, ਇਸ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ ।

ਗਰਮੀ ਅਤੇ ਲੂ ਲਗਣ ਦੀ ਖ਼ਤਰਨਾਕ ਸਥਿਤੀ ਜਿਸ ਵਿਚ ਤੇਜ਼ ਬੁਖਾਰ, ਜੋ 40 ਡਿਗਰੀ ਸੈਲਸੀਅਸ ਜਾਂ 104-105 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੋਵੇ, ਸਰੀਰ ਦੇ ਗਰਮ ਹੋਣ ਉੱਤੇ ਪਸੀਨਾ ਆਉਣਾ ਬੰਦ ਹੋ ਜਾਵੇ ਅਤੇ ਚਮੜੀ ਰੁੱਖੀ ਰੁੱਖੀ ਹੋ ਜਾਵੇ, ਮਰੀਜ਼ ਦਾ ਬੇਹੋਸ਼ ਹੋ ਜਾਣਾ, ਘਬਰਾਹਟ ਹੋਣਾ ਹਨ। ਉਨ੍ਹਾਂ ਕਿਹਾ ਕਿ ਲੂ ਦੇ ਲੱਛਣ ਨਜ਼ਰ ਆਉਣ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਵਿਅਕਤੀ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ, ਵਿਅਕਤੀ ਨੂੰ ਪੀਣ ਲਈ ਤਰਲ ਪਦਾਰਥ ਦਿੱਤਾ ਜਾਵੇ, ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਦੇ ਲਈ ਠੰਢੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ, ਠੰਡੇ ਪਾਣੀ ਨਾਲ ਭਰੇ ਬਾਥ ਟੱਬ ਵਿੱਚ ਮਰੀਜ਼ ਨੂੰ ਗਲੇ ਤੱਕ ਲਿਟਾਇਆ ਜਾ ਸਕਦਾ ਹੈ, ਬੁਖਾਰ ਨੂੰ ਘੱਟ ਕਰਨ ਲਈ ਡਾਕਟਰ ਦੀ ਸਲਾਹ ਤੋਂ ਬਿਨ੍ਹਾ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ, ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਕੇ ਜਾਇਆ ਜਾਵੇ ।

ਉਨ੍ਹਾਂ ਕਿਹਾ ਕਿ ਗਰਮੀ ਚ ਲੂਅ ਤੋਂ ਬਚਣ ਦੇ ਲਈ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਤਾ ਜਾਵੇ , ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ , ਤਰਲ ਪਦਾਰਥਾਂ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ, ਓ.ਆਰ.ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ, ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਬਹੁਤ ਜਿਆਦਾ ਜਰੂਰੀ ਹੋਣ ਤੇ ਹੀ ਨਿਕਲਿਆ ਜਾਵੇ ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਖਾਲੀ ਪੇਟ ਘਰੋਂ ਬਾਹਰ ਨਾ ਨਿਕਲਿਆ ਜਾਵੇ, ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕੀਤਾ ਜਾਵੇ , ਕੁਲਰ ਜਾਂ ਏ.ਸੀ. ਵਾਲੇ ਕਮਰੇ ਵਿੱਚ ਬੈਠਣ ਤੋਂ ਬਾਅਦ ਇੱਕ ਦਮ ਧੁੱਪ ਵਿੱਚ ਨਾ ਨਿਕਲਿਆ ਜਾਵੇ,ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ।

ਇਸ ਮੌਕੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਲੂਅ ਤੋਂ ਬਚਣ ਲਈ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਮਲ ਵਿੱਚ ਲਿਆ ਕੇ ਘਰ ਵਿੱਚ ਰਹੋ, ਸੁਰੱਖਿਅਤ ਰਹੋ ਤੇ ਸਵਸਥ ਰਹੋ। ਉਹਨਾ ਕਿਹਾ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਏਰੀਆ ਵਿੱਚ ਸਿਹਤ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਏ ਦੇ ਸਹਿਯੋਗ ਨਾਲੇ ਆਮ ਜਨਤਾ ਨੂੰ ਲੂਅ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।