ਚੰਡੀਗੜ੍ਹ, 25 ਨਵੰਬਰ 2023: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕਰਕੇ ਵਿਦੇਸ਼ੀ ਕਰੰਸੀ (foreign currency) ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਨੂੰ ਫੜਿਆ ਹੈ। ਇਨ੍ਹਾਂ ਕੋਲੋਂ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਮਾਮਲੇ ‘ਚ ਮਾਸਟਰਮਾਈਂਡ ਸਮੇਤ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਡੀਆਰਆਈ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਆਰਆਈ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਵਿਦੇਸ਼ੀ ਕਰੰਸੀ ਦੁਬਈ ਭੇਜੇ ਜਾਣ ਦੀ ਸੂਚਨਾ ਮਿਲੀ ਸੀ। ਜਾਣਕਾਰੀ ਮਿਲੀ ਸੀ ਕਿ ਇਹ ਪੈਸਾ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ ਰਾਹੀਂ ਬਾਹਰ ਭੇਜਿਆ ਜਾ ਰਿਹਾ ਸੀ। ਇਸ ‘ਤੇ ਡੀਆਰਆਈ ਨੇ ਤੁਰੰਤ ਹਰਕਤ ‘ਚ ਆ ਕੇ ਜੈਪੁਰ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਤਿੰਨ ਬਰੀਫਕੇਸਾਂ ਸਮੇਤ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵਿੱਚ ਵਿਦੇਸ਼ੀ ਕਰੰਸੀ (foreign currency) ਛੁਪਾ ਕੇ ਦੁਬਈ ਲਿਜਾਈ ਜਾ ਰਹੀ ਸੀ। ਜਦੋਂ ਬ੍ਰੀਫਕੇਸ ਖੋਲ੍ਹਿਆ ਗਿਆ ਤਾਂ ਉਸ ਵਿੱਚ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਮਿਲੀ। ਇਸ ਵਿੱਚ ਅਮਰੀਕੀ ਡਾਲਰ ਅਤੇ ਯੂਰੋ ਸ਼ਾਮਲ ਸਨ।