July 1, 2024 12:20 am
Dr. Satbir Bedi

ਡਾ. ਸਤਬੀਰ ਬੇਦੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਪਰਸਨ ਵਜੋਂ ਅਹੁਦਾ ਸਾਂਭਿਆ

ਐੱਸ.ਏ.ਐੱਸ. ਨਗਰ, 20 ਫ਼ਰਵਰੀ 2023: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਪਰਸਨ ਡਾ. ਸਤਬੀਰ ਬੇਦੀ (Dr. Satbir Bedi) ਨੇ ਅੱਜ ਸੋਮਵਾਰ ਨੂੰ ਪੂਰਵ ਦੁਪਹਿਰ ਆਪਣਾ ਅਹੁਦਾ ਸੰਭਾਲ ਲਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਪਹੁੰਚਣ ਤੋਂ ਪਹਿਲਾਂ ਡਾ. ਸਤਬੀਰ ਬੇਦੀ ਇਤਿਹਾਸਕ ਗੁਰਦਵਾਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਉਪਰੰਤ ਬਿਲਕੁਲ ਸਾਦੇ ਢੰਗ ਨਾਲ ਆਪਣਾ ਆਹੁਦਾ ਸੰਭਾਲਿਆ।

ਭਾਰਤ ਸਰਕਾਰ ਵਿੱਚ ਅਹਿਮ ਅਹੁਦਿਆਂ ਤੇ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਡਾ. ਬੇਦੀ ਸਮੁੱਚੇ ਰਾਜ ਪ੍ਰਸ਼ਾਸਨ, ਮਨੁੱਖੀ ਸਰੋਤ ਵਿਕਾਸ, ਸਮਾਜ ਭਲਾਈ ਪ੍ਰਸ਼ਾਸਨ, ਕਿਰਤ ਅਤੇ ਰੁਜ਼ਗਾਰ, ਭਾਈਚਾਰਕ ਵਿਕਾਸ, ਖੇਤੀਬਾੜੀ, ਸਿਖਲਾਈ ਅਤੇ ਖੋਜ, ਚੋਣ ਪ੍ਰਬੰਧਨ, ਅਧਿਆਪਨ ਸਿਖਲਾਈ, ਸਿੱਖਿਆ ਪ੍ਰਸ਼ਾਸਨ, ਸਿਹਤ ਪ੍ਰਸ਼ਾਸਨ ਅਤੇ ਮਹਿਲਾ ਸ਼ਸਕਤੀਕਰਨ ਵਰਗੇ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰ ਚੁੱਕੇ ਹਨ।

ਸੇਂਟ ਜੌਨ ਕਾਲਜ ਆਗਰਾ ਤੋਂ ਮਨੋਵਿਗਿਆਨ ਵਿਸ਼ੇ ਵਿੱਚ ਐਮ.ਏ, ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੀ.ਐੱਚ.ਡੀ ਅਤੇ ਮੈਕਸਵੈੱਲ ਸਕੂਲ ਆਫ਼ ਪਬਲਿਕ ਪਾਲਿਸੀ ਐਂਡ ਸਿਟੀਜ਼ਨਸ਼ਿਪ ਯੂਨੀਵਰਸਿਟੀ ਅਮਰੀਕਾ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਡਾ. ਸਤਬੀਰ ਬੇਦੀ ਨੇ ਮਾਸਟਰ ਟ੍ਰੇਨਰ ਮਨੋਵਿਗਿਆਨ ਵਿੱਚ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਭਾਰਤ ਸਰਕਾਰ ਦੇ ਕਰਮਚਾਰੀ ਸਿਖਲਾਈ ਵਿਭਾਗ ਵਿੱਚ ਕਈ ਤਰਾਂ ਦੀਆਂ ਭੂਮਿਕਾਵਾਂ ਨਿਭਾਉਣ ਦੇ ਨਾਲ ਨਾਲ ਸੰਸਥਾਵਾਂ ਲਈ ਸਿਖਲਾਈ ਪ੍ਰੋਗਰਾਮਾਂ ਅਤੇ ਮਾਡਿਊਲਾਂ ਦੀ ਯੋਜਨਾ ਬਣਾੳਣ ਅਤੇ ਡਿਜ਼ਾਇਨ ਕਰਨ ਲਈ ਸਿਖਲਾਈ ਵੀ ਦਿੱਤੀ ਹੈ।

ਇਹੋ ਜਿਹੀ ਵਿਦਵਾਨ ਅਤੇ ਤਜਰਬੇਕਾਰ ਸਖ਼ਸ਼ੀਅਤ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਪਰਸਨ ਬਣਨਾ ਸਿੱਖਿਆ ਬੋਰਡ ਲਈ ਚੰਗੇ ਦਿਨਾਂ ਦੀ ਆਮਦ ਦਾ ਸੰਕੇਤ ਹੈ। ਡਾ. ਸਤਬੀਰ ਬੇਦੀ (Dr. Satbir Bedi) ਨੇ ਆਪਣੀ ਨਿਯੁਕਤੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਦਾ ਸਿੱਖਿਆ ਬੋਰਡ ਇੱਕ ਬਹੁਤ ਹੀ ਅਹਿਮ ਅਦਾਰਾ ਹੈ ਅਤੇ ਇਸ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਮਿਲ ਬੈਠ ਕੇ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ਼ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।

ਡਾ. ਸਤਬੀਰ ਬੇਦੀ ਨੇ ਆਪਣਾ ਅਹੁਦਾ ਸੰਭਾਲਦਿਆਂ ਮੌਜੂਦਾ ਬੋਰਡ ਅਫ਼ਸਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬੋਰਡ ਦੇ ਹਰ ਕੰਮ ਵਿੱਚ ਪਾਰਦਰਸ਼ਤਾ ਹੋਣੀ ਲਾਜ਼ਮੀ ਹੈ। ਹਰੇਕ ਕੰਮ ਸਹੀ ਢੰਗ ਤਰੀਕੇ ਅਤੇ ਸਮੇੇਂ ਤੇ ਹੋਣਾ ਚਾਹੀਦਾ ਹੈ। ਹਰੇਕ ਮੁਲਾਜ਼ਮ ਆਪਣੀ ਸੀਟ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਲਈ ਵਚਨਬੱਧ ਹੋਵੇ। ਇਹ ਅਦਾਰਾ ਵਿਦਿਆਰਥੀਆਂ ਨਾਲ ਸਬੰਧਤ ਹੈ। ਕਿਸੇ ਵੀ ਵਿਦਿਆਰਥੀ ਦੀ ਕੋਈ ਵੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਨਜਿੱਠਿਆ ਜਾਵੇ। ਕੋਈ ਵੀ ਵਿਦਿਆਰਥੀ ਇਸ ਅਦਾਰੇ ਤੋਂ ਨਰਾਜ਼ ਹੋ ਕੇ ਨਹੀਂ ਜਾਣਾ ਚਾਹੀਦਾ।

ਇਸ ਮੌਕੇ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਸੰਯੁਕਤ ਸਕੱਤਰ ਜੇ.ਆਰ.ਮਹਿਰੋਕ, ਉਪ ਸਕੱਤਰ ਡਾ. ਗੁਰਮੀਤ ਕੌਰ, ਗੁਰਤੇਜ ਸਿੰਘ, ਮਨਮੀਤ ਸਿੰਘ ਭੱਠਲ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਕਰਮਚਾਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਿੱਚੋਂ ਪਰਵਿੰਦਰ ਸਿੰਘ ਖੰਗੂੜਾ, ਪਰਮਜੀਤ ਸਿੰਘ ਬੈਨੀਪਾਲ, ਬਲਜਿੰਦਰ ਸਿੰਘ ਬਰਾੜ, ਸੁਖਚੈਨ ਸਿੰਘ ਅਤੇ ਰਮਨਦੀਪ ਗਿੱਲ ਅਤੇ ਪ੍ਰਭਦੀਪ ਸਿੰਘ ਬੋਪਾਰਾਏ ਹਾਜ਼ਰ ਸਨ।