ਚੰਡੀਗੜ੍ਹ, 16 ਮਈ 2025: ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਹਾਲਾਤ ਆਮ ਵਾਂਗ ਹਨ | ਇਸ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ (Dr. S Jaishankar) ਨੇ ਵੀਰਵਾਰ ਰਾਤ ਨੂੰ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁਤਾਕੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਡਾ. ਐੱਸ ਜੈਸ਼ੰਕਰ ਨੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦੀ ਨਿੰਦਾ ਕਰਨ ਲਈ ਮੁਤਾਕੀ ਦਾ ਧੰਨਵਾਦ ਕੀਤਾ ਹੈ।
ਜਿਕਰਯੋਗ ਹੈ ਕਿ ਅਫਗਾਨਿਸਤਾਨ ਨੇ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ ਕਿ ਭਾਰਤੀ ਮਿਜ਼ਾਈਲਾਂ ਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ ਸੀ। ਜੈਸ਼ੰਕਰ ਨੇ ਇਸ ਲਈ ਅਫਗਾਨ ਸਰਕਾਰ (ਤਾਲਿਬਾਨ ਸਰਕਾਰ ) ਦਾ ਧੰਨਵਾਦ ਵੀ ਕੀਤਾ। ਦਰਅਸਲ, ਭਾਰਤ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵਿਚਕਾਰ ਇਹ ਪਹਿਲੀ ਮੰਤਰੀ ਪੱਧਰੀ ਗੱਲਬਾਤ ਸੀ।
ਇਸ ਗੱਲਬਾਤ ਦੌਰਾਨ ਡਾ. ਜੈਸ਼ੰਕਰ (Dr. S Jaishankar) ਨੇ ਕਿਹਾ ਕਿ ਭਾਰਤ ਅਤੇ ਅਫਗਾਨ ਲੋਕਾਂ ਵਿਚਕਾਰ ਪੁਰਾਣੇ ਦੋਸਤਾਨਾ ਸਬੰਧਾਂ ਨੂੰ ਦੁਹਰਾਇਆ ਗਿਆ ਅਤੇ ਭਵਿੱਖ ‘ਚ ਸਬੰਧਾਂ ਨੂੰ ਅੱਗੇ ਕਿਵੇਂ ਲਿਜਾਣਾ ਹੈ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਤਾਲਿਬਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਤੋਂ ਅਫਗਾਨ ਵਪਾਰੀਆਂ ਅਤੇ ਮਰੀਜ਼ਾਂ ਲਈ ਭਾਰਤੀ ਵੀਜ਼ਾ ਦੀ ਸਹੂਲਤ ਦੀ ਮੰਗ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ‘ਚ ਅਫਗਾਨ ਕੈਦੀਆਂ ਦੀ ਰਿਹਾਈ ਅਤੇ ਉਨ੍ਹਾਂ ਦੀ ਵਤਨ ਵਾਪਸੀ ਦੀ ਅਪੀਲ ਵੀ ਕੀਤੀ। ਜੈਸ਼ੰਕਰ ਨੇ ਇਨ੍ਹਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਦੀ ਗੱਲ ਕੀਤੀ।
ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਭਾਰਤ ਨਾਲ ਗੱਲਬਾਤ ਦੀ ਅਪੀਲ ਕੀਤੀ ਹੈ। ਇਸਹਾਕ ਡਾਰ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਚੱਲ ਰਹੀ ਹੈ। ਇਸਹਾਕ ਡਾਰ ਨੇ ਪਾਕਿਸਤਾਨੀ ਸੈਨੇਟ ਵਿੱਚ ਦਾਅਵਾ ਕੀਤਾ ਕਿ ‘ਫੌਜੀ ਪੱਧਰ ‘ਤੇ ਹੋਈ ਗੱਲਬਾਤ ਵਿੱਚ ਜੰਗਬੰਦੀ ਨੂੰ 18 ਮਈ ਤੱਕ ਵਧਾ ਦਿੱਤਾ ਗਿਆ ਹੈ।
ਡਾਰ ਨੇ ਕਿਹਾ ਕਿ ਸਮੱਸਿਆ ਦਾ ਹੱਲ ਰਾਜਨੀਤਿਕ ਪੱਧਰ ‘ਤੇ ਗੱਲਬਾਤ ਰਾਹੀਂ ਹੀ ਹੋਵੇਗਾ। ਅਸੀਂ ਭਾਰਤ ਨਾਲ ਇੱਕ ਵਿਆਪਕ ਗੱਲਬਾਤ ਕਰਨਾ ਚਾਹੁੰਦੇ ਹਾਂ। ਹਾਲਾਂਕਿ, ਭਾਰਤ ਦਾ ਸਟੈਂਡ ਸਪੱਸ਼ਟ ਹੈ ਕਿ ਅੱ.ਤ.ਵਾ.ਦ ਨੂੰ ਖਤਮ ਕੀਤੇ ਬਿਨਾਂ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਕਿਸਤਾਨ ਨਾਲ ਸਿਰਫ਼ ਅੱ.ਤ.ਵਾ.ਦ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਤੇ ਗੱਲਬਾਤ ਹੋਵੇਗੀ।
Read More: ਭਾਰਤ ਤੇ ਪਾਕਿਸਤਾਨ ਤਣਾਅ ਵਿਚਾਲੇ ਦਿੱਲੀ ਪਹੁੰਚੇ ਸਾਊਦੀ ਅਰਬ ਦੇ ਮੰਤਰੀ, ਡਾ. ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ