Dr. Ravjot Singh

ਡਾ. ਰਵਜੋਤ ਸਿੰਘ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਾਈਟ ਤੋਂ ਕੂੜਾ ਤੇ ਮਸ਼ੀਨਰੀ ਤੁਰੰਤ ਹਟਾਉਣ ਦੇ ਹੁਕਮ

ਚੰਡੀਗੜ੍ਹ, 25 ਮਾਰਚ 2025: ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ (Dr. Ravjot Singh) ਨੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ (Ranjit Avenue) ਦੇ ਰਿਹਾਇਸ਼ੀ ਖੇਤਰ ‘ਚ ਅਸਥਾਈ ਡੰਪ ਵਰਗੀ ਸਾਈਟ ਤੋਂ ਕੂੜਾ ਅਤੇ ਮਸ਼ੀਨਰੀ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਹਨ | ਉਨ੍ਹਾਂ ਨੇ ਸਬੰਧਤ ਜਗ੍ਹਾ ਦੀ ਸਫਾਈ ਦਿਨ ‘ਚ ਦੋ ਵਾਰ ਯਕੀਨੀ ਬਣਾਈ ਜਾਣ ਦੀ ਹਦਾਇਤ ਦਿੱਤੀ ਹੈ |

ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੇਸ਼ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਰਣਜੀਤ ਐਵੀਨਿਊ ਅੰਮ੍ਰਿਤਸਰ ਸ਼ਹਿਰ ਦਾ ਇੱਕ ਮਹੱਤਵਪੂਰਨ ਇਲਾਕਾ ਹੈ।

ਮੰਤਰੀ ਨੇ ਕਿਹਾ ਕਿ ਰਣਜੀਤ ਐਵੇਨਿਊ (Ranjit Avenue) ਦੇ ਈ-ਬਲਾਕ ‘ਚ ਫਰਮ ਮੈਸਰਜ਼ ਅੰਮ੍ਰਿਤਸਰ ਐਮਐਸਡਬਲਯੂ (ਅਵੇਰਡਾ) ਨੂੰ ਠੋਸ ਰਹਿੰਦ-ਖੂੰਹਦ ਇਕੱਠਾ ਕਰਨ ਵਾਲੇ ਵਾਹਨਾਂ ਦੀ ਪਾਰਕਿੰਗ ਲਈ ਦਿੱਤੀ ਸੀ। ਹਾਲਾਂਕਿ, ਸਬੰਧਤ ਫਰਮ ਨੇ ਜ਼ਮੀਨ ਨੂੰ ਗਾਰਬੇਜ ਟ੍ਰਾਂਸਫਰ ਸਟੇਸ਼ਨ ਅਤੇ ਬੰਦ ਮਸ਼ੀਨਰੀ ਲਈ ਪਾਰਕਿੰਗ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਸਾਈਟ ਨੂੰ ਇੱਕ ਅਸਥਾਈ ਕੂੜਾ ਇਕੱਠਾ ਕਰਨ ਵਾਲੇ ਸਥਾਨ ‘ਚ ਬਦਲ ਦਿੱਤਾ।

ਕੈਬਿਨਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸਬੰਧਤ ਫਰਮ ਨੂੰ ਤੁਰੰਤ ਜਗ੍ਹਾ ਤੋਂ ਕੂੜਾ ਅਤੇ ਬੰਦ ਮਸ਼ੀਨਰੀ ਹਟਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਨਗਰ ਨਿਗਮ ਨੇ ਸਬੰਧਤ ਜਗ੍ਹਾ ਨੂੰ ਫੈਂਸ ਲਗਾ ਕੇ ਕਵਰ ਕਰ ਦਿੱਤਾ ਹੈ। ਨਗਰ ਨਿਗਮ ਕਮਿਸ਼ਨਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਦਿਨ ‘ਚ ਦੋ ਵਾਰ ਜਗ੍ਹਾ ਦੀ ਸਫਾਈ ਕੀਤੀ ਜਾਵੇ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ (Dr. Ravjot Singh) ਨੇ ਦੱਸਿਆ ਕਿ ਮੌਜੂਦਾ ਏਜੰਸੀ ਐਵਰਡਾ ਨੇ ਨਗਰ ਨਿਗਮ ਅੰਮ੍ਰਿਤਸਰ ਨੂੰ ਫਰਵਰੀ 2025 ‘ਚ ਮੌਜੂਦਾ ਇਕਰਾਰਨਾਮੇ ਤੋਂ ਪਿੱਛੇ ਹਟਣ ਦੇ ਆਪਣੇ ਇਰਾਦੇ ਬਾਰੇ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਨਗਰ ਨਿਗਮ ਅੰਮ੍ਰਿਤਸਰ ਘਰ-ਘਰ ਕੂੜਾ ਇਕੱਠਾ ਕਰਨ, ਇਸਦੀ ਢੋਆ-ਢੁਆਈ, ਪ੍ਰੋਸੈਸਿੰਗ ਅਤੇ ਸੁਰੱਖਿਅਤ ਨਿਪਟਾਰੇ ਲਈ ਇੱਕ ਨਵੀਂ ਏਜੰਸੀ ਨੂੰ ਸ਼ਾਮਲ ਕਰਨ ਲਈ ਇੱਕ ਨਵਾਂ ਟੈਂਡਰ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਇੱਕ ਵਾਰ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਰਣਜੀਤ ਐਵੇਨਿਊ ਵਿਖੇ ਕੂੜਾ ਟ੍ਰਾਂਸਫਰ ਸਟੇਸ਼ਨ ਦੀ ਸਮੱਸਿਆ ਸਥਾਈ ਤੌਰ ‘ਤੇ ਹੱਲ ਹੋ ਜਾਵੇਗੀ।

Read More: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਮੁੜ ਬੁੱਢੇ ਦਰਿਆ ਦਾ ਦੌਰਾ

Scroll to Top